ਲਾਪਤਾ ਸਰੂਪ ਮਾਮਲਾ: ਧਰਨਾਕਾਰੀ ਸਿੱਖਾਂ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਿਚਾਲੇ ਝੜਪ

ਅੰਮ੍ਰਿਤਸਰ (ਸਮਾਜ ਵੀਕਲੀ): 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਧਰਨਾ ਦੇ ਰਹੀਆਂ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਵਲੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਗੇਟ ਨੂੰ ਤਾਲਾ ਲਾਉਣ ਤੋਂ ਬਾਅਦ ਦੋਵੇਂ ਧਿਰਾਂ ਭਿੜ ਗਈਆਂ ਜਿਸ ਮਗਰੋਂ ਕਈ ਵਿਅਕਤੀ ਜ਼ਖ਼ਮੀ ਹੋ ਗਏ। ਹਾਲਾਤ ਉਸ ਸਮੇਂ ਵਿਗੜੇ ਜਦੋਂ ਸੁਖਜੀਤ ਸਿੰਘ ਖੋਸਾ ਤੇ ਉਸ ਦੇ ਕੁਝ ਸਾਥੀਆਂ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਗੇਟ ਨੂੰ ਤਾਲਾ ਲਾ ਦਿੱਤਾ ਅਤੇ ਦੂਜੇ ਛੋਟੇ ਗੇਟ ਸਾਹਮਣੇ ਖੁਦ ਧਰਨਾ ’ਤੇ ਬੈਠ ਗਏ।

ਰੋਟੀ ਦੇ ਸਮੇਂ ਜਦੋਂ ਸ਼੍ਰੋਮਣੀ ਕਮੇਟੀ ਕਰਮਚਾਰੀ ਦਫ਼ਤਰ ਤੋਂ ਬਾਹਰ ਜਾ ਰਹੇ ਸਨ ਤਾਂ ਉਸ ਵੇਲੇ ਹੋਈ ਤਕਰਾਰ ਤੋਂ ਬਾਅਦ ਇਹ ਮਾਮਲਾ ਹਿੰਸਕ ਰੂਪ ਲੈ ਗਿਆ, ਜਿਸ ਵਿਚ ਕਿਰਪਾਨਾਂ ਤੇ ਡਾਂਗਾਂ ਵੀ ਚਲੀਆਂ ਅਤੇ ਕਈ ਵਿਅਕਤੀਆਂ ਦੀਆਂ ਦਸਤਾਰਾਂ ਦੀ ਬੇਅਦਬੀ ਵੀ ਹੋਈ। ਧਰਨਾਕਾਰੀਆਂ ਵਿਚ ਸ਼ਾਮਲ ਇਕ ਔਰਤ ਦੀ ਵੀ ਮਾਰਕੁੱਟ ਕੀਤੀ ਗਈ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਧਰਨੇ ਵਾਲੀ ਥਾਂ ਖਾਲੀ ਕਰਵਾ ਲਈ ਹੈ।

ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਚਨ ਸਿੰਘ ਖਾਲਸਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਤੇ ਹੋਰਨਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਜਾਣਕਾਰੀ ਦਿੱਤੀ ਕਿ ਸਿੱਖ ਧਰਨਾਕਾਰੀਆਂ ਵਿਚੋਂ ਕੁਝ ਨੇ ਸ਼੍ਰੋਮਣੀ ਕਮੇਟੀ ਦੇ ਗੇਟ ਨੂੰ ਤਾਲਾ ਲਾ ਕੇ ਕੰਮਕਾਜ ਵਿਚ ਵਿਘਨ ਪਾਉਣ ਦਾ ਯਤਨ ਕੀਤਾ ਸੀ।

ਉਨ੍ਹਾਂ ਕਿਹਾ ਕਿ ਦੁਪਹਿਰ ਵੇਲੇ ਜਦੋਂ ਕਰਮਚਾਰੀ ਭੋਜਨ ਲਈ ਬਾਹਰ ਨਿਕਲੇ ਤਾਂ ਕੁਝ ਧਰਨਾਕਾਰੀਆਂ ਨੇ ਤਕਰਾਰ ਮਗਰੋਂ ਸ਼੍ਰੋਮਣੀ ਕਮੇਟੀ ਕਰਮਚਾਰੀਆਂ ’ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਹੋਰ ਕਰਮਚਾਰੀ ਅਤੇ ਟਾਸਕ ਫੋਰਸ ਪੁੱਜ ਗਈ, ਜਿਨ੍ਹਾਂ ਹਮਲਾ ਕਰਨ ਵਾਲਿਆਂ ਕੋਲੋਂ ਕਿਰਪਾਨਾਂ ਆਦਿ ਖੋਹ ਲਈਆਂ। ਉਨ੍ਹਾਂ ਦੱਸਿਆ ਕਿ ਹਮਲੇ ਵਿਚ ਸ਼੍ਰੋਮਣੀ ਕਮੇਟੀ ਦਾ ਸਕੱਤਰ ਬਿਜੈ ਸਿੰਘ ਅਤੇ ਇਕ ਕਰਮਚਾਰੀ ਸਰਬਜੀਤ ਸਿੰਘ ਜ਼ਖ਼ਮੀ ਹੋਏ ਹਨ।

ਕੁਝ ਹੋਰ ਕਰਮਚਾਰੀਆਂ ਨੂੰ ਵੀ ਸੱਟਾਂ ਲੱਗਣ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਰਾਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਇਸ਼ਨਾਨ ਦੀ ਸੇਵਾ ਸਮੇਂ ਵੀ ਇਨ੍ਹਾਂ ਸਿੱਖ ਕਾਰਕੁਨਾਂ ਨੇ ਉਥੇ ਦਾਖ਼ਲ ਹੋ ਕੇ ਮਰਿਆਦਾ ਵਿਚ ਦਖ਼ਲਅੰਦਾਜ਼ੀ ਕਰਦਿਆਂ ਬੇਅਦਬੀ ਕੀਤੀ ਸੀ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ’ਤੇ ਇਕ ਪੱਤਰ ਦੇ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਪੰਜ ਸਿੰਘ ਸਾਹਿਬਾਨ ਦੀ ਹੰਗਾਮੀ ਮੀਟਿੰਗ ਸੱਦਣ ਅਤੇ ਮਰਿਆਦਾ ਅਨੁਸਾਰ ਕਾਰਵਾਈ ਕਰਨ।

Previous articleਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ: ਲੌਂਗੋਵਾਲ
Next articleਕਿਸਾਨ ਅੰਦੋਲਨ: ਦਸਹਿਰੇ ’ਤੇ ਅੱਜ ਫੂਕੇ ਜਾਣਗੇ ਕੇਂਦਰ ਤੇ ਕਾਰਪੋਰੇਟਾਂ ਦੇ ਪੁਤਲੇ