ਰਮਜ਼ਾਨ ਦੇ ਪਵਿੱਤਰ ਮਹੀਨੇ ’ਚ ਇਥੋਂ ਦੀ ਸੂਫ਼ੀ ਦਰਗਾਹ ਦੇ ਬਾਹਰ ਪਾਕਿਸਤਾਨੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਫਿਦਾਈਨ ਹਮਲੇ ’ਚ ਪੁਲੀਸ ਦੇ ਪੰਜ ਕਮਾਂਡੋਜ਼ ਸਮੇਤ 10 ਵਿਅਕਤੀ ਹਲਾਕ ਅਤੇ 25 ਹੋਰ ਜਣੇ ਜ਼ਖ਼ਮੀ ਹੋ ਗਏ। ਪੁਲੀਸ ਦੀ ਮੁੱਢਲੀ ਤਹਿਕੀਕਾਤ ਮੁਤਾਬਕ ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਦਰਗਾਹ ’ਤੇ ਹਮਲਾ ਕਰਨ ਵਾਲਾ ਫਿਦਾਈਨ ਕਿਸ਼ੋਰ ਸੀ। ਸ਼ਕਤੀਸ਼ਾਲੀ ਧਮਾਕਾ ਦਾਤਾ ਦਰਬਾਰ ਦਰਗਾਹ ਦੇ ਗੇਟ ਨੰਬਰ 2 ਦੇ ਬਾਹਰ ਸਵੇਰੇ ਪੌਣੇ 9 ਵਜੇ ਦੇ ਕਰੀਬ ਹੋਇਆ ਜਿਥੇ 2010 ’ਚ ਫਿਦਾਈਨ ਹਮਲੇ ਮਗਰੋਂ ਉਚੇਚੇ ਤੌਰ ’ਤੇ ਕਮਾਂਡੋਜ਼ ਤਾਇਨਾਤ ਕੀਤੇ ਗਏ ਸਨ। ਧਮਾਕੇ ’ਚ ਜ਼ਖ਼ਮੀ ਹੋਏ ਚਾਰ ਪੁਲੀਸ ਕਰਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੀਸੀਟੀਵੀ ਫੁਟੇਜ ’ਚ ਕਾਲੀ ਸਲਵਾਰ ਕਮੀਜ਼ ਅਤੇ ਧਮਾਕਾਖੇਜ਼ ਸਮੱਗਰੀ ਵਾਲੀ ਜੈਕੇਟ ਪਹਿਨੀ ਕਿਸ਼ੋਰ ਲੜਕਾ ਪੁਲੀਸ ਦੇ ਵਾਹਨ ਨੇੜੇ ਪਹੁੰਚ ਕੇ ਧਮਾਕਾ ਕਰਦਾ ਦਿਖਾਈ ਦੇ ਰਿਹਾ ਹੈ। ਲਾਹੌਰ ਪੁਲੀਸ ਦੇ ਤਰਜਮਾਨ ਸੱਯਦ ਮੁਬਾਸ਼ਿਰ ਮੁਤਾਬਕ ਫਿਦਾਈਨ 15 ਕੁ ਸਾਲ ਦਾ ਜਾਪਦਾ ਹੈ ਅਤੇ ਧਮਾਕੇ ਤੋਂ ਪਹਿਲਾਂ ਉਸ ਨੇ ਕੋਈ ਸ਼ੱਕੀ ਹਰਕਤ ਨਹੀਂ ਕੀਤੀ। ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਤੋਂ ਵੱਖ ਹੋਏ ਧੜੇ ਜਮਾਤ-ਉਲ-ਅਹਿਰਾਰ ਨੇ ਹਮਲੇ ਦੀ ਜ਼ਿੰਮੇਵਾਰੀ ਕਬੂਲੀ ਹੈ। ਉਂਜ ਤਰਜਮਾਨ ਨੇ ਇਸ ਦੀ ਤਸਦੀਕ ਨਹੀਂ ਕੀਤੀ ਹੈ। ਪੰਜਾਬ ਦੇ ਆਈਜੀ ਆਰਿਫ਼ ਨਵਾਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਧਮਾਕੇ ਲਈ 7 ਕਿਲੋ ਸਮੱਗਰੀ ਵਰਤੀ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ’ਚ ਇਕ ਸੁਰੱਖਿਆ ਗਾਰਡ ਅਤੇ ਤਿੰਨ ਆਮ ਨਾਗਰਿਕ ਸ਼ਾਮਲ ਹਨ। ਲਾਹੌਰ ਦੀ ਡਿਪਟੀ ਕਮਿਸ਼ਨਰ ਸਾਲੇਹਾ ਸਈਦ ਨੇ ਮੀਡੀਆ ਨੂੰ ਦੱਸਿਆ ਕਿ ਮੇਯੋ ਹਸਪਤਾਲ ’ਚ ਇਕ ਲਾਸ਼ ਨੂੰ ਲਿਆਂਦਾ ਗਿਆ ਜੋ ਸ਼ੱਕੀ ਫਿਦਾਈਨ ਦੀ ਮੰਨੀ ਜਾ ਰਹੀ ਹੈ। ਪੰਜਾਬ ਦੇ ਕਾਨੂੰਨ ਮੰਤਰੀ ਬਸ਼ਾਰਤ ਰਾਜਾ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਦੀ ਵਧ ਸਕਦੀ ਹੈ।
HOME ਪਾਕਿ ’ਚ ਸੂਫ਼ੀ ਦਰਗਾਹ ਦੇ ਬਾਹਰ ਫਿਦਾਈਨ ਹਮਲਾ, 10 ਹਲਾਕ