ਵਾਰਾਨਸੀ ਲੋਕ ਸਭਾ ਸੀਟ ’ਤੇ ਕਾਂਗਰਸ ਨੇ ਵੀਰਵਾਰ ਨੂੰ ਅਜੈ ਰਾਏ ਨੂੰ ਮੁੜ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਇਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਚੋਣ ਲੜਨ ਸਬੰਧੀ ਕਿਆਫੇ ਖ਼ਤਮ ਹੋ ਗਏ ਹਨ। ਪਾਰਟੀ ਵੱਲੋਂ ਜਾਰੀ ਉਮੀਦਵਾਰਾਂ ਦੀ ਸੂਚੀ ਮੁਤਾਬਕ ਵਾਰਾਨਸੀ ਤੋਂ ਅਜੈ ਰਾਏ ਅਤੇ ਗੋਰਖਪੁਰ ਤੋਂ ਮਧੂਸੂਦਨ ਤਿਵਾੜੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਪਿਛਲੇ ਕਈ ਹਫ਼ਤਿਆਂ ਤੋਂ ਇਹ ਚਰਚਾ ਚਲ ਰਹੀ ਸੀ ਕਿ ਪ੍ਰਿਯੰਕਾ ਵਾਰਾਨਸੀ ਤੋਂ ਸ੍ਰੀ ਮੋਦੀ ਨੂੰ ਚੁਣੌਤੀ ਦੇ ਸਕਦੀ ਹੈ। ਪਾਰਟੀ ਅਤੇ ਖੁਦ ਪ੍ਰਿਯੰਕਾ ਨੇ ਵੀ ਅਜਿਹੇ ਸੰਕੇਤ ਦਿੱਤੇ ਸਨ। ਹੁਣੇ ਜਿਹੇ ਜਦੋਂ ਇਕ ਵਰਕਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਚੋਣ ਲੜਨ ਤਾਂ ਪ੍ਰਿਯੰਕਾ ਨੇ ਕਿਹਾ ਸੀ,‘‘ਮੈਂ ਵਾਰਾਨਸੀ ਤੋਂ ਕਿਉਂ ਨਾ ਲੜਾਂ?’’ ਪਿਛਲੇ ਦਿਨੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਪ੍ਰਿਯੰਕਾ ਗਾਂਧੀ ਦੇ ਚੋਣ ਲੜਨ ਬਾਰੇ ਫ਼ੈਸਲਾ ਹੋ ਗਿਆ ਹੈ ਅਤੇ ਇਸ ’ਤੇ ਭੇਤ ਬਣਿਆ ਰਹਿਣ ਦਿਉ। ਅਜੈ ਰਾਏ ਨੇ 2014 ’ਚ ਵੀ ਸ੍ਰੀ ਮੋਦੀ ਖ਼ਿਲਾਫ਼ ਵਾਰਾਨਸੀ ਤੋਂ ਚੋਣ ਲੜੀ ਸੀ ਅਤੇ ਉਹ 75 ਹਜ਼ਾਰ ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੇ ਸਨ। ਸ੍ਰੀ ਮੋਦੀ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ 3.75 ਲੱਖ ਵੋਟਾਂ ਦੇ ਭਾਰੀ ਫਰਕ ਨਾਲ ਹਰਾਇਆ ਸੀ। ਵਾਰਾਨਸੀ ’ਚ ਇਸ ਵਾਰ ਸੱਤਵੇਂ ਗੇੜ ’ਚ 19 ਮਈ ਨੂੰ ਵੋਟਾਂ ਪੈਣਗੀਆਂ।
INDIA ਮੋਦੀ ਖ਼ਿਲਾਫ਼ ਕਾਂਗਰਸ ਨੇ ਅਜੈ ਰਾਏ ਨੂੰ ਮੁੜ ਟਿਕਟ ਦਿੱਤੀ