ਗਾਂਧੀ, ਗੁਰੂ, ਬਿੱਟੂ, ਵੜਿੰਗ ਅਤੇ ਬੀਬੀ ਖਾਲੜਾ ਨੇ ਕਾਗਜ਼ ਭਰੇ

ਪੰਜਾਬ ਵਿੱਚ ਸੰਸਦੀ ਚੋਣਾਂ ਲਈ ਅੱਜ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰਨ ਦਾ ਅਮਲ ਤੇਜ਼ ਹੋ ਗਿਆ ਹੈ। ਕਾਗਜ਼ ਦਾਖ਼ਲ ਕਰਨ ਦੇ ਚੌਥੇ ਦਿਨ ਅੱਜ ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਆਜ਼ਾਦ ਤੌਰ ’ਤੇ 49 ਉਮੀਦਵਾਰਾਂ ਨੇ ਪਰਚੇ ਭਰੇ। ਇਸ ਤਰ੍ਹਾਂ ਨਾਲ ਅੱਜ ਤੱਕ 13 ਸੰਸਦੀ ਹਲਕਿਆਂ ਲਈ ਦਾਖ਼ਲ ਹੋਈਆਂ ਕੁੱਲ ਨਾਮਜ਼ਦਗੀਆਂ ਦੀ ਗਿਣਤੀ 107 ਹੋ ਗਈ ਹੈ।
ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਪ੍ਰਮੁੱਖ ਉਮੀਦਵਾਰਾਂ ਵਿੱਚ ਧਰਮਵੀਰ ਗਾਂਧੀ ਨੇ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਵਜੋਂ ਪਟਿਆਲਾ ਸੰਸਦੀ ਹਲਕੇ ਤੋਂ ਕਾਗਜ਼ ਭਰੇ। ਇਸੇ ਤਰ੍ਹਾਂ ਦੋ ਸੇਵਾਮੁਕਤ ਆਈਏਐੱਸ ਅਧਿਕਾਰੀਆਂ ਦਰਬਾਰਾ ਸਿੰਘ ਗੁਰੂ ਨੇ ਅਕਾਲੀ ਦਲ ਅਤੇ ਡਾ. ਅਮਰ ਸਿੰਘ ਨੇ ਕਾਂਗਰਸ ਦੇ ਉਮੀਦਵਾਰ ਵਜੋਂ ਫਤਿਹਗੜ੍ਹ ਸਹਿਬ (ਰਾਖਵਾਂ) ਹਲਕੇ ਤੋਂ ਪਰਚੇ ਭਰੇ। ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਤੋਂ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਠਿੰਡਾ ਸੰਸਦੀ ਹਲਕੇ ਤੋਂ ਕਾਂਗਰਸੀ ਉਮੀਦਵਾਰਾਂ ਵਜੋਂ ਕਾਗਜ਼ ਦਾਖ਼ਲ ਕੀਤੇ। ਇਸੇ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦਿਆਂ ਸ਼ਹੀਦ ਹੋਏ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਹਲਕੇ ਤੋਂ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕੀਤੇ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਹੋਰਨਾਂ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਗਦੀਸ਼ ਮਸੀਹ ਆਜ਼ਾਦ ਉਮੀਦਵਾਰ, ਅਸ਼ਵਨੀ ਕੁਮਾਰ ਸੀ.ਪੀ.ਆਈ. (ਐੱਮ.ਐੱਲ.) (ਲਿਬਰੇਸ਼ਨ) ਅਤੇ ਪੀਟਰ ਮਸੀਹ ਨੇ ਆਮ ਆਦਮੀ ਪਾਰਟੀ ਵੱਲੋਂ ਕਾਗਜ਼ ਦਾਖਲ ਕੀਤੇ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੀ ਦਸਵਿੰਦਰ ਕੌਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ। ਹਲਕਾ ਖਡੂਰ ਸਾਹਿਬ ਤੋਂ ਹਿੰਦੁਸਤਾਨ ਸ਼ਕਤੀ ਸੈਨਾ ਦੇ ਸੰਤੋਖ ਸਿੰਘ, ਪੰਜਾਬ ਏਕਤਾ ਪਾਰਟੀ ਦੀ ਪਰਮਜੀਤ ਕੌਰ ਖਾਲੜਾ ਅਤੇ ਹਰਮਨਦੀਪ ਸਿੰਘ, ਆਜ਼ਾਦ ਉਮੀਦਵਾਰ ਪਰਮਿੰਦਰ ਸਿੰਘ, ਆਜ਼ਾਦ ਉਮੀਦਵਾਰ ਪਾਇਲ, ਬਹੁਜਨ ਸਮਾਜ ਪਾਰਟੀ (ਅੰਬੇਦਕਰ) ਦੇ ਪੂਰਨ ਸਿੰਘ ਅਤੇ ਆਜ਼ਾਦ ਉਮੀਦਵਾਰ ਸੁਖਵੰਤ ਸਿੰਘ ਵੱਲੋਂ ਕਾਗਜ਼ ਦਾਖਲ ਕੀਤੇ ਗਏ। ਲੋਕ ਸਭਾ ਹਲਕਾ ਜਲੰਧਰ (ਰਾਖਵਾਂ) ਤੋਂ ਆਮ ਆਦਮੀ ਪਾਰਟੀ ਦੇ ਜ਼ੋਰਾ ਸਿੰਘ ਸਰੋਏ ਅਤੇ ਹਰਮਨਦੀਪ ਸਿੰਘ ਸਰੋਏ, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕਰੈਟਿਕ) ਦੇ ਹਰਿ ਮਿੱਤਰ, ਆਜ਼ਾਦ ਉਮੀਦਵਾਰ ਸੁਖਦੇਵ ਸਿੰਘ ਅਤੇ ਬਹੁਜਨ ਸਮਾਜ ਪਾਰਟੀ (ਅੰਬੇਦਕਰ) ਦੇ ਤਾਰਾ ਸਿੰਘ ਸ਼ਾਮਲ ਹਨ। ਲੋਕ ਸਭਾ ਹਲਕਾ ਹੁਸ਼ਿਆਰਪੁਰ (ਰਾਖਵਾਂ) ਤੋਂ ਅੱਜ ਇੱਕੋ ਉਮੀਦਵਾਰ ਆਮ ਆਦਮੀ ਪਾਰਟੀ ਦੇ ਰਵਜੋਤ ਸਿੰਘ ਸਿੰਘ ਨੇ ਕਾਗਜ਼ ਦਾਖਲ ਕੀਤੇ। ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਚਰਨਦਾਸ, ਸੀ.ਪੀ.ਆਈ. (ਐੱਮ.ਐੱਲ.) (ਨਿਊ ਲਿਬਰੇਸ਼ਨ) ਦੇ ਅਵਤਾਰ ਸਿੰਘ, ਰਾਸ਼ਟਰੀ ਜਨ ਸ਼ਕਤੀ ਪਾਰਟੀ (ਸੈਕੂਲਰ) ਦੀ ਸੁਰਿੰਦਰ ਕੌਰ ਮਾਂਗਟ ਅਤੇ ਬਹੁਜਨ ਸਮਾਜ ਪਾਰਟੀ ਦੇ ਸੋਢੀ ਵਿਕਰਮ ਸਿੰਘ ਵੱਲੋਂ ਪਰਚੇ ਭਰੇ ਗਏ। ਲੋਕ ਸਭਾ ਹਲਕਾ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਲਾਲ ਚੰਦ ਰਾਓ, ਰਵਨੀਤ ਸਿੰਘ ਦੇ ਕਵਰਿੰਗ ਉਮੀਦਵਾਰ ਵਜੋਂ ਅਨੁਪਮਾ ਵੱਲੋਂ ਕਾਗਜ਼ ਦਾਖ਼ਲ ਕੀਤੇ ਗਏ। ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ (ਰਾਖਵੇਂ) ਲਈ ਕਾਮਿਲ ਅਮਰ ਸਿੰਘ ਨੇ ਅਮਰ ਸਿੰਘ ਦੇ ਕਵਰਿੰਗ ਅਤੇ ਡਾ. ਰਣਜੀਤ ਕੌਰ ਗੁਰੂ ਨੇ ਦਰਬਾਰਾ ਸਿੰਘ ਗੁਰੂ ਦੇ ਕਵਰਿੰਗ ਉਮੀਦਵਾਰ ਵਜੋਂ, ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਗੁਰਬਚਨ ਸਿੰਘ, ਜੈ ਜਵਾਨ ਜੈ ਕਿਸਾਨ ਪਾਰਟੀ ਦੀ ਬਲਵਿੰਦਰ ਕੌਰ ਅਤੇ ਆਜ਼ਾਦ ਉਮੀਦਵਾਰ ਲਛਮਣ ਸਿੰਘ ਵੀ ਕਾਗਜ਼ ਦਾਖ਼ਲ ਕਰਾਉਣ ਵਾਲਿਆਂ ਵਿੱਚ ਸ਼ਾਮਲ ਹਨ। ਲੋਕ ਸਭਾ ਹਲਕਾ ਫਰੀਦਕੋਟ ਤੋਂ ਪੰਜਾਬ ਏਕਤਾ ਪਾਰਟੀ ਦੇ ਬਲਦੇਵ ਸਿੰਘ, ਆਪਣਾ ਸਮਾਜ ਪਾਰਟੀ ਦੇ ਡਾ. ਸਵਰਨ ਸਿੰਘ ਅਤੇ ਸਮੀਕਸ਼ਾ ਸਿੰਘ ਵੱਲੋਂ ਕਾਗਜ਼ ਦਾਖਲ ਕੀਤੇ ਗਏ। ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਹਿੰਦੁਸਤਾਨ ਸ਼ਕਤੀ ਸੈਨਾ ਦੇ ਨਰੇਸ਼ ਕੁਮਾਰ ਅਤੇ ਆਜ਼ਾਦ ਉਮੀਦਵਾਰ ਮਨੋਜ ਕੁਮਾਰ ਨੇ, ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਅੰਮ੍ਰਿਤਾ ਸਿੰਘ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਵਰਿੰਗ ਉਮੀਦਵਾਰ ਵਜੋਂ, ਹਿੰਦੁਸਤਾਨ ਸ਼ਕਤੀ ਸੈਨਾ ਦੇ ਸੁਖਚੈਨ ਸਿੰਘ ਭਾਰਗਵ ਅਤੇ ਆਜ਼ਾਦ ਉਮੀਦਵਾਰ ਨਾਹਰ ਸਿੰਘ ਵੱਲੋ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ। ਲੋਕ ਸਭਾ ਹਲਕਾ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਬੱਗਾ ਸਿੰਘ, ਹਿੰਦੁਸਤਾਨ ਸ਼ਕਤੀ ਸੈਨਾ ਦੀ ਰਾਜਵੀਰ ਕੌਰ, ਭਾਰਤ ਪ੍ਰਭਾਤ ਪਾਰਟੀ ਦੇ ਬਲਵਿੰਦਰ ਸਿੰਘ ਸੰਧੂ ਅਤੇ ਆਜ਼ਾਦ ਉਮੀਦਵਾਰ ਗੁਰਜੀਤ ਸਿੰਘ ਤੇ ਸਰਬਜੀਤ ਕੌਰ ਨੇ ਕਾਗਜ਼ ਦਾਖ਼ਲ ਕੀਤੇ ਅਤੇ ਲੋਕ ਸਭਾ ਹਲਕਾ ਪਟਿਆਲਾ ਲਈ ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਅਤੇ ਅਜੈ ਮਿੱਤਲ, ਨਵਾਂ ਪੰਜਾਬ ਪਾਰਟੀ ਦੇ ਧਰਮਵੀਰ ਗਾਂਧੀ ਅਤੇ ਸ਼ਿਵ ਸੈਨਾ ਦੇ ਅਸ਼ਵਨੀ ਕੁਮਾਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।

Previous articleਮਾਨਸ਼ਾਹੀਆ ਕਾਂਗਰਸ ’ਚ; ਖਹਿਰਾ ਨੇ ਵਿਧਾਇਕੀ ਛੱਡੀ
Next articleਮੋਦੀ ਖ਼ਿਲਾਫ਼ ਕਾਂਗਰਸ ਨੇ ਅਜੈ ਰਾਏ ਨੂੰ ਮੁੜ ਟਿਕਟ ਦਿੱਤੀ