ਭਾਰਤ ਅਤੇ ਅਮਰੀਕਾ ਨੇ ਸੋਮਵਾਰ ਨੂੰ ਇਸ ਗੱਲ ’ਤੇ ਸਹਿਮਤੀ ਜਤਾਈ ਕਿ ਪਾਕਿਸਤਾਨ ਨੂੰ ਆਪਣੀ ਧਰਤੀ ’ਤੇ ਦਹਿਸ਼ਤਗਰਦੀ ਦਾ ਢਾਂਚਾ ਤਹਿਸ ਨਹਿਸ ਕਰਨ ਅਤੇ ਸੁਰੱਖਿਅਤ ਪਨਾਹਗਾਹਾਂ ਖਤਮ ਕਰਨ ਲਈ ਨਿੱਠ ਕੇ ਕਾਰਵਾਈ ਕਰਨੀ ਪਵੇਗੀ। ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਅੱਜ ਇੱਥੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨਾਲ ਮੁਲਾਕਾਤ ਕੀਤੀ ਜੋ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਉਚਤਮ ਪੱਧਰ ਦਾ ਰਾਬਤਾ ਹੋਇਆ। ਸ੍ਰੀ ਗੋਖਲੇ ਐਤਵਾਰ ਨੂੰ ਆਪਣੇ ਹਮਰੁਤਬਾ ਸਿਆਸੀ ਮਾਮਲਿਆਂ ਬਾਰੇ ਉਪ ਵਿਦੇਸ਼ ਮੰਤਰੀ ਡੇਵਿਡ ਹੇਲ ਅਤੇ ਹਥਿਆਰ ਕੰਟਰੋਲ ਅਤੇ ਕੌਮਾਂਤਰੀ ਸੁਰੱਖਿਆ ਬਾਰੇ ਉਪ ਵਿਦੇਸ਼ ਮੰਤਰੀ ਐਂਡਰੀਆ ਥਾਮਸਨ ਨਾਲ ਦੁਵੱਲੀ ਵਿਦੇਸ਼ ਵਿਭਾਗ ਵਾਰਤਾ ਅਤੇ ਰਣਨੀਤਕ ਸੁਰੱਖਿਆ ਸੰਵਾਦ ਲਈ ਐਤਵਾਰ ਨੂੰ ਇੱਥੇ ਪੁੱਜੇ ਸਨ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮੁਲਾਕਾਤ ਦੌਰਾਨ ਗੋਖਲੇ ਤੇ ਪੌਂਪੀਓ ਨੇ ਸਹਿਮਤੀ ਜਤਾਈ ਕਿ ਜਿਹੜੇ ਦੇਸ਼ ਕਿਸੇ ਵੀ ਕਿਸਮ ਦੀ ਦਹਿਸ਼ਤਗਰਦੀ ਨੂੰ ਸ਼ਹਿ ਜਾਂ ਮਦਦ ਦਿੰਦੇ ਹਨ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਵੇ।
World ਪਾਕਿ ਨੂੰ ਦਹਿਸ਼ਤਗਰਦੀ ਖਿਲਾਫ਼ ਨਿੱਠਵੀਂ ਕਾਰਵਾਈ ਕਰਨ ਦੀ ਲੋੜ ’ਤੇ ਜ਼ੋਰ