ਭਾਰਤ ਨੇ ਸ਼ਹੀਦ ਸੈਨਿਕਾਂ ਦੀ ਯਾਦ ’ਚ ਖ਼ਾਸ ਟੋਪੀ ਪਹਿਨਣ ਦੀ ਲਈ ਸੀ ਆਗਿਆ

ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅੱਜ ਕਿਹਾ ਹੈ ਕਿ ਭਾਰਤੀ ਟੀਮ ਨੂੰ ਆਸਟਰੇਲੀਆ ਖ਼ਿਲਾਫ਼ ਤੀਜੇ ਇਕ ਰੋਜ਼ਾ ਮੈਚ ਵਿੱਚ ਦੇਸ਼ ਦੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਫ਼ੌਜੀਆਂ ਵਰਗੀ ਟੋਪੀ ਪਹਿਨਣ ਦੀ ਇਜਾਜ਼ਤ ਦਿੱਤੀ ਗਈ ਸੀ। ਪਾਕਿਸਤਾਨ ਨੇ ਇਸ ਉੱਪਰ ਇਤਰਾਜ਼ ਦਾਇਰ ਕੀਤਾ ਸੀ। ਰਾਂਚੀ ਵਿੱਚ 8 ਮਾਰਚ ਨੂੰ ਖੇਡੇ ਗਏ ਤੀਜੇ ਇਕ ਰੋਜ਼ਾ ਮੈਚ ਵਿੱਚ ਭਾਰਤੀ ਟੀਮ ਨੇ ਪੁਲਵਾਮਾ ਅਤਿਵਾਦੀ ਹਮਲੇ ਵਿੱਚ ਸ਼ਹੀਦ ਹੋਏ ਸੀਆਰਪੀਐੱਫ ਦੇ ਜਵਾਨਾਂ ਦੇ ਸਨਮਾਨ ਵਿੱਚ ਫ਼ੌਜੀ ਟੋਪੀਆਂ ਪਹਿਨੀਆਂ ਸਨ ਅਤੇ ਆਪਣੀ ਮੈਚ ਦੀ ਫ਼ੀਸ ਕੌਮੀ ਰੱਖਿਆ ਫੰਡ ਲਈ ਦਾਨ ਕਰ ਦਿੱਤੀ ਸੀ। ਆਈਸੀਸੀ ਦੇ ਜਨਰਲ ਮੈਨੇਜਰ (ਰਣਨੀਤੀ ਸੰਚਾਰ) ਕਲੇਰੀ ਫੁਲੋਰਗ ਨੇ ਇਸ ਸਬੰਧੀ ਜਾਰੀ ਬਿਆਨ ਵਿੱਚ ਕਿਹਾ, ‘‘ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਧਨ ਇਕੱਠਾ ਕਰਨ ਅਤੇ ਸ਼ਹੀਦ ਸੈਨਿਕਾਂ ਦੀ ਯਾਦ ਵਿੱਚ ਫ਼ੌਜੀ ਟੋਪੀਆਂ ਪਹਿਨਦ ਦੀ ਇਜਾਜ਼ਤ ਮੰਗੀ ਸੀ ਅਤੇ ਉਸ ਨੂੰ ਇਸ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਆਈਸੀਸੀ ਨੂੰ ਇਸ ਸਬੰਧ ਵਿੱਚ ਪੱਤਰ ਭੇਜਿਆ ਸੀ ਅਤੇ ਇਸ ਤਰ੍ਹਾਂ ਦੀਆਂ ਟੋਪੀਆਂ ਪਹਿਨਣ ਲਈ ਭਾਰਤ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਪੀਸੀਬੀ ਦੇ ਮੁਖੀ ਅਹਿਸਾਨ ਮਨੀ ਨੇ ਐਤਵਾਰ ਨੂੰ ਕਰਾਚੀ ਵਿੱਚ ਕਿਹਾ ਸੀ ਕਿ ਭਾਰਤ ਨੇ ਕਿਸੇ ਹੋਰ ਮਕਸਦ ਲਈ ਆਈਸੀਸੀ ਤੋਂ ਇਜਾਜ਼ਤ ਲਈ ਸੀ ਅਤੇ ਉਸ ਦਾ ਇਸਤੇਮਾਲ ਦੂਜੇ ਮਕਸਦ ਲਈ ਕੀਤਾ ਜੋ ਮਨਜ਼ੂਰ ਨਹੀਂ ਹੈ। ਭਾਰਤੀ ਕ੍ਰਿਕਟ ਬੋਰਡ ਨੇ ਪੁਲਵਾਮਾ ਹਮਲੇ ਵਿੱਚ ਸੀਆਰਪੀਐੱਫ ਦੇ 40 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਆਈਸੀਸੀ ਨੂੰ ਉਨ੍ਹਾਂ ਦੇਸ਼ਾਂ ਦੇ ਨਾਲ ਸਬੰਧ ਤੋੜਨ ਲਈ ਕਿਹਾ ਸੀ ਜੋ ਅਤਿਵਾਦ ਨੂੰ ਪਨਾਹ ਦਿੰਦੇ ਹਨ। ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ।

Previous articleਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਕਰਾਰ ਦੇਣ ਬਾਰੇ ਮਤੇ ਉਪਰ ਵਿਚਾਰ ਭਲਕੇ
Next articleਪਾਕਿ ਨੂੰ ਦਹਿਸ਼ਤਗਰਦੀ ਖਿਲਾਫ਼ ਨਿੱਠਵੀਂ ਕਾਰਵਾਈ ਕਰਨ ਦੀ ਲੋੜ ’ਤੇ ਜ਼ੋਰ