ਇੱਕ ਮਨੁੱਖ ਇੱਕ ਰੁੱਖ

(ਸਮਾਜ ਵੀਕਲੀ)

ਮਨੁੱਖ ਦੀ ਹੋਂਦ ਰੁੱਖਾਂ ਕਰਕੇ ਹੀ ਹੈ। ਇਹ ਹਰੇ-ਭਰੇ ਰੁੱਖ ਪੌਦੇ ਸਾਡੀ ਮੁਰਝਾਈ ਜ਼ਿੰਦਗੀ ਵਿੱਚ ਬਹਾਰ ਲਿਆ ਦਿੰਦੇ ਹਨ। ਇਹ ਪਰਉਪਕਾਰੀ ਰੁੱਖ ਸਾਰੀ ਉਮਰ ਮਨੁੱਖ ਦੀ ਸੇਵਾ ਕਰਦੇ ਰਹਿੰਦੇ ਹਨ। ਮਨੁੱਖ ਜੀਉਂਦੇ ਜੀਅ ਤਾਂ ਰੁੱਖਾਂ ਪੌਦਿਆਂ ਬੂਟਿਆਂ ਨੂੰ ਵਰਤਦਾ ਹੈ, ਮਰਨ ਵੇਲੇ ਵੀ ਇੱਕ ਰੁੱਖ ਲ਼ੈ ਕੇ ਦੁਨੀਆਂ ਤੋਂ ਰੁਖ਼ਸਤ ਹੁੰਦਾ ਹੈ। ਮਨੁੱਖ ਨੇ ਆਪਣੇ ਸਵਾਰਥ ਲਈ ਕੁਦਰਤ ਦੀ ਅੰਨ੍ਹੇਵਾਹ ਕਟਾਈ ਕਰਕੇ ਆਪਣੇ-ਆਪ ਲਈ ਮੁਸੀਬਤ ਆਪ ਸਹੇੜ ਲਈ ਹੈ। ਅੱਜ ਰੁੱਖ ਸਮੇਂ ਅਤੇ ਵਾਤਾਵਰਨ ਦੀ ਲੋੜ ਹਨ।

ਘਰ ਹੋਵੇ ਜਾਂ ਬਾਹਰ ਹਰਿਆ-ਭਰਿਆ ਵਾਤਾਵਰਨ ਮਨ ਨੂੰ ਠੰਡਕ ਅਤੇ ਸਕੂਨ ਦਿੰਦਾ ਹੈ। ਰੁੱਖਾਂ ਤੋਂ ਸਾਨੂੰ ਸਾਰੀ ਉਮਰ ਫਾਇਦੇ ਹੀ ਰਹਿੰਦੇ ਹਨ। ਮੈਂ ਅਕਸਰ ਰੁੱਖਾਂ ਦੇ ਹੇਠਾਂ ਬੈਠ ਕੇ ਸਕੂਨ ਮਹਿਸੂਸ ਕਰਦੀ ਹਾਂ। ਇਹਨਾਂ ਨਾਲ ਗੱਲਾਂ ਕਰਕੇ ਮਨ ਹੌਲਾ ਹੁੰਦਾ ਹੈ। ਜਦੋਂ ਇਹ ਨਿੰਮੀ-ਨਿੰਮੀ ਹਵਾ ਵਿੱਚ ਰੁਮਕਦੇ ਹਨ ਤਾਂ ਲੱਗਦਾ ਹੈ ਕਿ ਇਹ ਵੀ ਮੇਰੇ ਨਾਲ ਗੱਲਾਂ ਕਰਦੇ ਹਨ। ਮੇਰੇ ਨਾਲ ਹੁੰਗਾਰਾਂ ਭਰਦੇ ਹਨ। ਮੇਰੇ ਨਾਲ ਪਿਆਰ ਤੇ ਆਪਣੇਪਨ ਦੇ ਵਹਿਣ ਵਿੱਚ ਵਹਿੰਦੇ ਹਨ। ਇਹ ਚੁੱਪ-ਚੁਪੀਤੇ ਰੁੱਖ ਅਨੇਕਾਂ ਗੱਲਾਂ ਕਰਦੇ ਹਨ ਅਤੇ ਜ਼ਿੰਦਗੀ ਦੇ ਗੁੱਝੇ ਭੇਦ ਸਮਝਾਉਂਦੇ ਹਨ।

ਪੰਛੀਆਂ ਦੀ ਚਹਿਚਹਾਟ ਰੌਣਕ ਲਾ ਦਿੰਦੀ ਹੈ। ਜੀਵਨ ਜਾਂਚ ਦੱਸਦੇ ਇਹ ਰੁੱਖ ਬੜੇ ਪਿਆਰੇ ਲੱਗਦੇ ਹਨ। ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਕਾਲ ਵਿੱਚ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ। ਜਦੋਂ ਅਸੀਂ ਇਸ ਸੰਸਾਰ ਤੋਂ ਰੁਖ਼ਸਤ ਹੋਣਾ ਹੈ ਤਾਂ ਇੱਕ ਰੁੱਖ ਲ਼ੈ ਕੇ ਜਾਂਦੇ ਹਾਂ। ਇਸੇ ਕਰਕੇ ਹੀ ਇੱਕ ਰੁੱਖ ਜ਼ਰੂਰ ਲਗਾ ਲਈਏ। ਦੂਸਰਾ ਲੱਗੇ ਹੋਏ ਰੁੱਖਾਂ ਦੀ ਕਦਰ ਕਰਨੀ ਚਾਹੀਦੀ ਹੈ। ਉਹਨਾਂ ਦੀ ਦੇਖ-ਭਾਲ ਜ਼ਰੂਰ ਕਰਨੀ ਚਾਹੀਦੀ ਹੈ।

ਕਈ ਵਾਰ ਮੈਂ ਸਕੂਲ ਵਿੱਚ ਵੀ ਦੇਖਦੀ ਹਾਂ ਕਿ ਬੱਚੇ ਪੌਦਿਆਂ ਕੋਲੋਂ ਗੁਜ਼ਰਦੇ ਹੋਏ ਐਵੇਂ ਉਹਨਾਂ ਦੇ ਪੱਤਿਆਂ ਨੂੰ ਧਰੂਹ ਕੇ ਸੁੱਟ ਦਿੰਦੇ ਹਨ, ਜੋ ਕਿ ਚੰਗੀ ਗੱਲ ਨਹੀਂ ਹੁੰਦੀ। ਅਜਿਹਾ ਵੇਖ ਕੇ ਮੇਰੀ ਤਾਂ ਜਾਨ ਹੀ ਨਿਕਲ ਜਾਂਦੀ ਹੈ। ਮੈਂ ਜੇਕਰ ਕੋਲ਼ ਹੋਵਾ ਤਾਂ ਆਪ-ਮੁਹਾਰੇ ਹੀ ਮੂੰਹੋਂ ਨਿਕਲ ਜਾਂਦਾ ਹੈ, “ਹਾਏ! ਪੁੱਤ ਵੇ ਇਸ ਨੇ ਤੇਰਾ ਕੀ ਗਵਾਇਆ ਸੀ। ਏਨੀ ਨਿਰਦਈ ਵਰਤ ਰਿਹਾ ਹੈ।” ਫਿਰ ਸਮਝਾਉਣਾ ਸ਼ੁਰੂ ਕਰ ਦਿੰਦੀ ਹਾਂ।

ਘਰ ਵਿੱਚ ਲੱਗੇ ਪੌਦਿਆਂ ਨੂੰ ਸਵੇਰੇ ਉੱਠ ਕੇ ਦੇਖਣਾ ਰੋਜ਼ ਦਾ ਕੰਮ ਹੈ। ਇਵੇਂ ਕਰਨ ਨਾਲ ਮਨ ਨੂੰ ਤਸੱਲੀ ਮਿਲਦੀ ਹੈ। ਆਦਤ ਮੁਤਾਬਕ ਹਰ ਬੱਚੇ ਨੂੰ ਰੁੱਖ ਲਗਾਉਣ ਲਈ ਕਹਿੰਦੀ ਹਾਂ। ਇਹ ਸੋਚਦੀ ਹਾਂ ਕਿ ਜੇਕਰ ਇਹਨਾਂ ਵਿਚੋਂ ਕੋਈ ਦਸ ਬੱਚੇ ਵੀ ਸਮਝ ਗਏ, ਤਾਂ ਸਮਝੋ ਮੇਰੀ ਮਿਹਨਤ ਕਾਮਯਾਬ ਹੋ ਜਾਵੇਗੀ। ਰੁੱਖਾਂ ਦੀ ਅਹਿਮੀਅਤ ਬਾਰੇ ਆਪਣੇ ਬੱਚਿਆਂ ਨੂੰ ਵੀ ਛੋਟੇ ਹੁੰਦਿਆਂ ਤੋਂ ਹੀ ਜੋੜ ਕੇ ਰੱਖਣਾ ਚਾਹੀਦਾ ਹੈ। ਬਚਪਨ ਤੋਂ ਹੀ ਇਹਨਾਂ ਨੂੰ ਰੁੱਖਾਂ ਨਾਲ ਜੋੜ ਕੇ ਰੱਖੋਗੇ ਤਾਂ ਵੱਡੇ ਹੁੰਦਿਆਂ ਤੱਕ ਇਹ ਪ੍ਰਕਿਰਤੀ ਨਾਲ ਜ਼ਰੂਰ ਜੁੜੇ ਰਹਿਣਗੇ।

‘ਇੱਕ ਮਨੁੱਖ ਇੱਕ ਰੁੱਖ’ ਦੇ ਤਹਿਤ ਸਾਨੂੰ ਸਭ ਨੂੰ ਇੱਕ ਰੁੱਖ ਲਗਾਉਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਅਸੀਂ ਸਾਰੇ ਰਲ਼ ਮਿਲ ਕੇ ਇਹ ਕੋਸ਼ਿਸ਼ ਕਰਾਂਗੇ ਤਾਂ ਸਾਡਾ ਵਾਤਾਵਰਣ ਗੰਧਲਾ ਹੋਣ ਤੋਂ ਬਚ ਸਕੇਗਾ। ਸਿਰ ‘ਤੇ ਮੰਡਰਾ ਰਹੇ ਇਸ ਪ੍ਰਦੂਸ਼ਣ ਦੇ ਬਵੰਡਰ ਨੂੰ ਦੂਰ ਕੀਤਾ ਜਾ ਸਕਦਾ ਹੈ। ਪਹਿਲਾਂ ਵੀ ਪੰਜਾਬੀਆਂ ਨੇ ਹਰ ਮੁਸੀਬਤ ਦਾ ਹੱਲ ਕੀਤਾ ਹੈ ਅਤੇ ਆਸ ਕਰਦੀ ਹਾਂ ਕਿ ਇਸ ਵਾਰ ਵੀ ਇਸ ਸਮੱਸਿਆਂ ਨੂੰ ਦੂਰ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਕੇ ਆਪਣੀ ਖ਼ਾਸ ਥਾਂ ਨੂੰ ਬਣਾਉਣ ਵਿੱਚ ਕਾਮਯਾਬ ਹੋਣਗੇ। ਆਉ ਦੋਸਤੋ! ਸਾਰੇ ਰਲ਼-ਮਿਲ਼ ਕੇ ਇੱਕ ਹੰਭਲਾ ਮਾਰੀਏ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣਾ ਭਵਿੱਖ ਅਤੇ ਆਉਂਣ ਵਾਲੀਆਂ ਪੀੜੀਆਂ ਦੇ ਭਵਿੱਖ ਨੂੰ ਉਜਵਲ ਬਣਾਈਏ। ਖੁਸ਼ ਰਹੋ, ਤੰਦਰੁਸਤ ਰਹੋ, ਤਰੱਕੀਆਂ ਕਰੋ, ਇੱਕ ਰੁੱਖ ਆਪਣੇ ਲਈ ਜ਼ਰੂਰ ਲਗਾਈਏ ਦੋਸਤੋ!!

ਪਰਵੀਨ ਕੌਰ ਸਿੱਧੂ
8146536200

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ਵੱਲੋਂ 33 ਪੁਲੀਸ ਅਧਿਕਾਰੀਆਂ ਦੇ ਤਬਾਦਲੇ
Next articleਚਾਵਾਂ ਨੂੰ ਤ੍ਰੇਲੀਆਂ