ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਖਨਊ ਵਿੱਚ ਦੋ ਕਸ਼ਮੀਰੀਆਂ ਦੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਨੂੰ ‘ਸਨਕੀ/ਸਿਰਫਿਰੇ’ ਦਸਦਿਆਂ ਉੱਤਰ ਪ੍ਰਦੇਸ਼ ਸਮੇਤ ਹੋਰਨਾਂ ਰਾਜ ਸਰਕਾਰ ਨੂੰ ਹਦਾਇਤ ਕੀਤੀ ਕਿ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸ੍ਰੀ ਮੋਦੀ ਨੇ ਲਖਨਊ ਵਿੱਚ ਵਾਪਰੀ ਘਟਨਾ ਨੂੰ ਅਫਸੋਸਨਾਕ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਸਦੀ ਹਲਕੇ ਵਾਰਾਨਸੀ ਵਿੱਚ ਕਾਸ਼ੀ ਵਿਸ਼ਵਨਾਥ ਮੰਦਿਰ ਨੇੜੇ ਸੁੰਦਰੀਕਰਨ ਦੇ ਪ੍ਰਾਜੈਕਟ ਵਿੱਚ ਹੋਈ ਦੇਰੀ ਲਈ ਪਿਛਲੀ ਸਪਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਕਾਨਪੁਰ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਲੰਘੇ ਦਿਨੀਂ ਲਖਨਊ ਵਿੱਚ ਸੜਕ ਕਿਨਾਰੇ ਫੜ੍ਹੀ ਲਾ ਕੇ ਡਰਾਈ ਫਰੂਟ ਵੇਚ ਰਹੇ ਦੋ ਕਸ਼ਮੀਰੀਆਂ ਦੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਨੂੰ ‘ਸਿਰਫਿਰੇ ਲੋਕ’ ਦਸਦਿਆਂ ਕਿਹਾ ਕਿ ਮੁਲਕ ਵਿੱਚ ਏਕਤਾ ਦਾ ਮਾਹੌਲ ਬਣਾ ਕੇ ਰੱਖਣਾ ਬਹੁਤ ਅਹਿਮ ਹੈ। ਉਨ੍ਹਾਂ ਯੋਗੀ ਸਰਕਾਰ ਨੂੰ ਇਸ ਮਾਮਲੇ ਵਿੱਚ ਕੀਤੀ ਕਾਰਵਾਈ ਲਈ ਵਧਾਈ ਵੀ ਦਿੱਤੀ। ਉਨ੍ਹਾਂ ਹੋਰਨਾਂ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਸ਼ਮੀਰੀਆਂ ’ਤੇ ਹਮਲਿਆਂ ਦੀ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸ੍ਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਲਖਨਊ ਮੈਟਰੋ ਦੇ ਉੱਤਰ-ਦੱਖਣੀ ਲਾਂਘੇ ’ਤੇ ਗੱਡੀ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਉਨ੍ਹਾਂ ਆਗਰਾ ਮੈਟਰੋ ਰੇਲ ਪ੍ਰਾਜੈਕਟ ਦਾ ਵੀ ਨੀਂਹ ਪੱਥਰ ਰੱਖਿਆ। ਇਸ ਦੌਰਾਨ ਆਪਣੇ ਸੰਸਦੀ ਹਲਕੇ ਵਾਰਾਨਸੀ ਦੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਸ਼ੀ ਵਿਸ਼ਵ ਨਾਥ ਮੰਦਿਰ ਨੇੜੇ ਸੁੰਦਰੀਕਰਨ ਨਾਲ ਸਬੰਧਤ ਪ੍ਰਾਜੈਕਟ ਦੇ ਆਗਾਜ਼ ਵਿੱਚ ਦੇਰੀ ਦੀ ਮੁੱਖ ਵਜ੍ਹਾ ਉੱਤਰ ਪ੍ਰਦੇਸ਼ ਦੀ ਪਿਛਲੀ ਸਮਾਜਵਾਦੀ ਪਾਰਟੀ ਦੀ ਸਰਕਾਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਪਾ ਸਰਕਾਰ ਨੇ ਪ੍ਰਾਜੈਕਟ ਲਈ ਕੇਂਦਰ ਨੂੰ ਲੋੜੀਂਦਾ ਸਹਿਯੋਗ ਨਹੀਂ ਦਿੱਤਾ। ਸ੍ਰੀ ਮੋਦੀ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਜਾਂਦੀ ਸੜਕ ਤੇ ਇਸ ਦੇ ਸੁੰਦਰੀਕਰਨ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਕਿਹਾ, ‘ਪਹਿਲੇ ਤਿੰਨ ਸਾਲ ਤਾਂ ਉੱਤਰ ਪ੍ਰਦੇਸ਼ ਦੀ ਸਪਾ ਸਰਕਾਰ ਨੇ ਹੀ ਕੋਈ ਹੱਥ-ਪੱਲਾ ਨਹੀਂ ਫੜਾਇਆ। ਯੋਗੀ ਆਦਿੱਤਿਆਨਾਥ ਦੇ ਸੂਬੇ ਦਾ ਮੁੱਖ ਮੰਤਰੀ ਬਣਨ ਮਗਰੋਂ ਯੂਪੀ ਵਿੱਚ ਵਿਕਾਸ ਪ੍ਰਾਜੈਕਟਾਂ ਨੇ ਰਫ਼ਤਾਰ ਫੜੀ।
HOME ਕਸ਼ਮੀਰੀਆਂ ’ਤੇ ਹਮਲੇ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ: ਮੋਦੀ