ਜੰਮੂ ਧਮਾਕਾ: 16 ਸਾਲ ਦੇ ਮੁੰਡੇ ਨੇ ਸੁੱਟਿਆ ਸੀ ਗ੍ਰਨੇਡ

ਜੰਮੂ -ਇਥੋਂ ਦੇ ਬੱਸ ਸਟੈਂਡ ’ਤੇ ਗ੍ਰਨੇਡ ਸੁੱਟਣ ਕੇ ਧਮਾਕਾ ਕਰਨ ਵਾਲਾ 16 ਸਾਲ ਦਾ ਮੁੰਡਾ ਨਿਕਲਿਆ। ਉਧਰ ਧਮਾਕੇ ’ਚ ਜ਼ਖ਼ਮੀ ਹੋਏ ਅਨੰਤਨਾਗ ਜ਼ਿਲ੍ਹੇ ਦੇ ਮੱਤਾਂ ਵਾਸੀ ਮੁਹੰਮਦ ਰਿਆਜ਼ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ ਦੋ ਹੋ ਗਈ ਹੈ। ਜਾਂਚਕਾਰਾਂ ਵੱਲੋਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਖ਼ੁਲਾਸਾ ਹੋਇਆ ਕਿ ਨਾਬਾਲਿਗ ਨੂੰ ਗ੍ਰਨੇਡ ਸੁੱਟਣ ਲਈ ਹਿਜ਼ਬੁਲ ਮੁਜਾਹਿਦੀਨ ਦੇ ਦਹਿਸ਼ਤਗਰਦ ਨੇ 50 ਹਜ਼ਾਰ ਰੁਪਏ ਦਿੱਤੇ ਸਨ। ਇਥੋਂ ਸੰਕੇਤ ਮਿਲਦੇ ਹਨ ਕਿ ਜੰਮੂ ਕਸ਼ਮੀਰ ’ਚ ਲੋਕਾਂ ਵਿਚਕਾਰ ਦਹਿਸ਼ਤ ਫੈਲਾਉਣ ਲਈ ਦਹਿਸ਼ਤੀ ਗੁੱਟਾਂ ਨੇ ਨਾਬਾਲਗਾਂ ਦੀ ਮੁੜ ਤੋਂ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਲੜਕੇ ਦੇ ਆਧਾਰ ਕਾਰਡ ਅਤੇ ਸਕੂਲ ਰਿਕਾਰਡ ਸਮੇਤ ਹੋਰ ਸ਼ਨਾਖ਼ਤੀ ਪੱਤਰਾਂ ਤੋਂ ਪਤਾ ਲੱਗਾ ਕਿ ਉਸ ਨੇ 12 ਤਰੀਕ ਨੂੰ 16 ਸਾਲਾਂ ਦਾ ਹੋਣਾ ਹੈ। ਉਨ੍ਹਾਂ ਕਿਹਾ ਕਿ ਲੜਕੇ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਉਮਰ ਸਬੰਧੀ ਟੈਸਟ ਕਰਵਾਇਆ ਜਾਵੇਗਾ। ਲੜਕੇ ਦੇ ਪਿਤਾ ਪੇਂਟਰ ਹਨ ਅਤੇ ਉਹ 9ਵੀਂ ’ਚ ਪੜ੍ਹਦਾ ਸੀ। ਜਾਂਚਕਾਰਾਂ ਮੁਤਾਬਕ ਕੁਲਗਾਮ ’ਚ ਹਿਜ਼ਬੁਲ ਮੁਜਾਹਿਦੀਨ ਦੇ ਆਪ ਬਣੇ ਜ਼ਿਲ੍ਹਾ ਮੁਖੀ ਫਯਾਜ਼ ਵੱਲੋਂ ਮੁਜ਼ੱਮਿਲ ਨਾਮ ਦੇ ਵਿਅਕਤੀ ਨੂੰ ਭੀੜ-ਭੜੱਕੇ ਵਾਲੇ ਇਲਾਕੇ ’ਚ ਗ੍ਰਨੇਡ ਸੁੱਟਣ ਲਈ ਕਿਹਾ ਸੀ ਪਰ ਉਹ ਮੁੱਕਰ ਗਿਆ। ਬਾਅਦ ’ਚ ਉਸ ਨੂੰ ਲੜਕੇ, ਜਿਸ ਦਾ ਕੋਡ ਨਾਮ ‘ਛੋਟੂ’ ਹੈ, ਨੂੰ ਗ੍ਰਨੇਡ ਦੇਣ ਲਈ ਕਿਹਾ ਗਿਆ। ਮੁਜ਼ੱਮਿਲ ਇਸ ਸਮੇਂ ਪੁਲੀਸ ਹਿਰਾਸਤ ’ਚ ਹੈ ਅਤੇ ਉਸ ਨੇ ਨਾਬਾਲਗ ਦੀ ਤਸਵੀਰ ਦਿਖਾਈ ਜਿਸ ਨੂੰ ਉਸ ਨੇ ਗ੍ਰਨੇਡ ਫੜਾਇਆ ਸੀ।

Previous articleਕਸ਼ਮੀਰੀਆਂ ’ਤੇ ਹਮਲੇ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ: ਮੋਦੀ
Next articleਪਾਕਿ ਨੂੰ ਜਾਂਦਾ ਪਾਣੀ ਹਰ ਹਾਲ ਰੋਕਾਂਗੇ: ਕੈਪਟਨ