(ਸਮਾਜ ਵੀਕਲੀ)
ਓ ਸੱਜਰੀ ਸਵੇਰ ਜਿਹਾ ਸੁੱਖ ਕਿਤੇ ਨਾ
ਲਹੂਆਂ ਦੇ ਸਾਕ ਜਿਹਾ ਸੁੱਖ ਕਿਤੇ ਨਾ
ਜੀ ਅੰਮਾਂ ਜਾਏ ਭੁੱਲਦੇ ਭਲਾਏ ਨਾ ਕਦੇ
ਠੰਡੀਆਂ ਹਵਾਵਾਂ ਜਿਹਾ ਸੁੱਖ ਕਿਤੇ ਨਾ
ਨੈਣਾਂ ਦੇ ਨਕਸ਼ ਵਿੱਚ ਮਾਂ ਦਿਸ ਜਾਂਦੀ
ਮਮਤਾ ਦੀ ਗੋਦੀ ਜਿਹਾ ਨਿੱਘ ਕਿਤੇ ਨਾ
ਲਹੂ ਦੀ ਸਾਂਝ ਕਦੇ ਮਿਟੇ ਨਾ ਮਿਟਾਏ ਤੋਂ
ਭਰਾਵਾਂ ਜਿਹਾ ਸ਼ਰੀਕਾ ਮਿਲੇ ਕਿਤੇ ਨਾ
ਕਾੜ੍ਹਨੀ ਦੇ ਦੁੱਧ ਦੀ ਲਪਟ ਚੰਗੀ ਲੱਗੇ
ਚੁੱਲ੍ਹੇ ਆਲ਼ੀ ਰੋਟੀ ਦਾ ਸਵਾਦ ਕਿਤੇ ਨਾ
ਓ ਮੱਖਣ ਸਵਾਦ ਸਦਾ ਲੱਗੇ ਚਾਟੀ ਦਾ
ਮਾਂ ਵਾਲ਼ੀ ਚੂਰੀ ਦਾ ਸਵਾਦ ਕਿਤੇ ਨਾ
ਨਵੇਂ ਨਵੇਂ ਰਿਸ਼ਤੇ ਤੇ ਖਾਣੇ ਨਵੇਂ ਆ ਗਏ
ਚਿੱਬੜਾਂ ਦੀ ਚੱਟਣੀ ਦਾ ਸਵਾਦ ਕਿਤੇ ਨਾ
ਉਇ ਰਿਸ਼ਤੇ ਪੁਰਾਣੇ ‘ਜੀਤ’ ਗੁੜ ਵਰਗੇ
ਸੱਚੀਂ ਚਾਚੇ ਤਾਏ ਮਾਸੜ ਮਿਲਣ ਕਿਤੇ ਨਾ
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly