ਮੁਸਲਿਮ ਭਾਈਚਾਰੇ ਦੇ ਦਲ ਨੇ ਕਿਸਾਨਾਂ ਲਈ ਲੰਗਰ ਲਗਾਇਆ

ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਬਾਰਡਰ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ 25 ਮੈਂਬਰੀ ਮੁਸਲਿਮ ਟੀਮ ਬੁੱਧਵਾਰ ਤੋਂ ਲੰਗਰ ਚਲਾ ਰਹੀ ਹੈ। ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੀ ਇਸ ਟੀਮ ਦੇ ਮੁਖੀ ਫਾਰੂਕੀ ਮੁਬੀਨ ਹਨ। ਟੀਮ ਦਾ ਕਹਿਣਾ ਹੈ ਕਿ ਉਹ ਹਰ ਕਿਸੇ ਨੂੰ ਰੋਟੀ ਦੇਣ ਵਾਲੇ ਕਿਸਾਨਾਂ ਦੀ ਸੇਵਾ ਲਈ ਸਿੰਘੂ ਬਾਰਡਰ ’ਤੇ ਆਏ ਹਨ। ਮੁਬੀਨ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ ਉਦੋਂ ਤੱਕ ਲੰਗਰ ਦੀ ਸੇਵਾ 24 ਘੰਟੇ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕਿਸਾਨ ਸਾਡੇ ਲਈ ਬਹੁਤ ਕੁਝ ਕਰਦੇ ਹਨ।

ਹੁਣ ਕਿਸਾਨਾਂ ਲਈ ਕੁਝ ਕਰਨ ਦੀ ਉਨ੍ਹਾਂ ਦੀ ਵਾਰੀ ਹੈ। ਉਨ੍ਹਾਂ ਕਿਹਾ, ‘ਕਿਸਾਨਾਂ ਦਾ ਖਿਆਲ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਸਾਡੀ 25 ਵਾਲੰਟਰੀਅਰਾਂ ਦੀ ਇੱਕ ਟੀਮ ਹੈ ਅਤੇ ਅਸੀਂ ਲੰਗਰ ਚਾਲੂ ਰੱਖਣ ਲਈ ਲਗਾਤਾਰ ਕੰਮ ਕਰ ਰਹੇ ਹਾਂ। ਉੱਧਰ ਤਿੰਨ ਕੇਂਦਰੀ ਮੰਤਰੀਆਂ ਤੇ ਕਿਸਾਨਾਂ ਦੇ ਵਫ਼ਦ ਵਿਚਾਲੇ ਬੀਤੇ ਦਿਨ ਹੋਈ ਗੱਲਬਾਤ ਨਾਕਾਮ ਰਹਿਣ ਮਗਰੋਂ ਦਿੱਲੀ ’ਚ ਹਰਿਆਣਾ ਤੇ ਉੱਤਰ ਪ੍ਰਦੇਸ਼ ਨਾਲ ਲੱਗਣ ਵਾਲੀਆਂ ਹੱਦਾਂ ’ਤੇ ਲਗਾਤਾਰ ਨੌਵੇਂ ਦਿਨ ਕਿਸਾਨਾਂ ਨੇ ਮੁਜ਼ਾਹਰਾ ਕੀਤਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ ਕਿਸਾਨਾਂ ਨੂੰ ਆਸ ਹੈ ਕਿ ਪੰਜ ਦਸੰਬਰ ਨੂੰ ਹੋਣ ਵਾਲੀ ਗੱਲਬਾਤ ’ਚ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨ ਲਵੇਗੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ।

Previous articleਡੀਡੀਸੀ ਚੋਣਾਂ: ‘ਅਪਨੀ ਪਾਰਟੀ’ ਦੇ ਉਮੀਦਵਾਰ ’ਤੇ ਦਹਿਸ਼ਤੀ ਹਮਲਾ
Next articleCelebrations break out in Telangana BJP camp