ਹੁਣ ਅਮਰੀਕਾ ’ਚ ਕਰੋਨਾ ਦੇ ਸਭ ਤੋਂ ਵੱਧ ਕੇਸ, ਹਫ਼ਤੇ ’ਚ ਦਸ ਗੁਣਾ ਵਾਧਾ

ਅਮਰੀਕਾ ਵਿਚ ਕਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ 85,600 ਨੂੰ ਅੱਪੜ ਗਈ ਹੈ। ਇਸ ਦੇ ਨਾਲ ਹੀ ਅਮਰੀਕਾ ’ਚ ਕੋਵਿਡ-19 ਕੇਸਾਂ ਦੀ ਗਿਣਤੀ ਦੁਨੀਆ ’ਚ ਸਭ ਤੋਂ ਵੱਧ ਹੋ ਗਈ ਹੈ। ਜੌਹਨ ਹੌਪਕਿਨਸ ’ਵਰਸਿਟੀ ਦੇ ਡੇਟਾ ਮੁਤਾਬਕ ਮੁਲਕ ਵਿਚ ਇਕੋ ਦਿਨ ’ਚ 16,000 ਮਾਮਲੇ ਸਾਹਮਣੇ ਆਏ ਹਨ। ਆਲਮੀ ਪੱਧਰ ’ਤੇ ਹੁਣ ਤੱਕ ਇਸ ਵਾਇਰਸ ਨਾਲ 25,066 ਲੋਕ ਜਾਨ ਗੁਆ ਚੁੱਕੇ ਹਨ। ਇਟਲੀ ਵਿਚ 8215 ਮੌਤਾਂ ਹੋ ਚੁੱਕੀਆਂ ਹਨ। ਜਦਕਿ ਸਪੇਨ ਵਿਚ 4,858 ਤੇ ਚੀਨ ਵਿਚ 3292 ਮੌਤਾਂ ਹੋਈਆਂ ਹਨ। ਸਪੇਨ ’ਚ ਪਿਛਲੇ 24 ਘੰਟਿਆਂ ਵਿਚ ਹੀ ਰਿਕਾਰਡ 769 ਲੋਕਾਂ ਦੀ ਮੌਤ ਹੋ ਗਈ ਹੈ। ਮੁਲਕ ਵਿਚ ਕੁੱਲ ਕੇਸ 64,059 ਹਨ। ਚੀਨ ’ਚ ਇਸ ਵੇਲੇ ਪੀੜਤਾਂ ਦੀ ਗਿਣਤੀ 81,782 ਹੈ ਤੇ ਇਟਲੀ ਵਿਚ 80,589 ਵਿਅਕਤੀ ਇਨਫ਼ੈਕਸ਼ਨ ਤੋਂ ਪੀੜਤ ਹਨ। ਜ਼ਿਕਰਯੋਗ ਹੈ ਕਿ ਹਫ਼ਤਾ ਪਹਿਲਾਂ ਜਿਨ੍ਹਾਂ ਕੇਸਾਂ ਦੀ ਪੁਸ਼ਟੀ ਹੋਈ ਸੀ, ਉਨ੍ਹਾਂ ਦੀ ਗਿਣਤੀ 8,000 ਸੀ। ਹਫ਼ਤੇ ਵਿਚ ਹੀ ਇਸ ’ਚ ਦਸ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਵੀਰਵਾਰ ਨੂੰ ਇਕੋ ਦਿਨ ਵਿਚ ਅਮਰੀਕਾ ’ਚ ਕਰੋਨਾਵਾਇਰਸ ਨਾਲ 263 ਮੌਤਾਂ ਹੋਈਆਂ ਹਨ। ਹੁਣ ਤੱਕ ਅਮਰੀਕਾ ’ਚ 1290 ਮੌਤਾਂ ਹੋ ਚੁੱਕੀਆਂ ਹਨ। ਕਰੀਬ 2000 ਪੀੜਤਾਂ ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਦੀ ਗਿਣਤੀ ਆਉਣ ਵਾਲੇ ਦਿਨਾਂ ਵਿਚ ਵਧ ਸਕਦੀ ਹੈ। ਦੱਖਣੀ ਅਫ਼ਰੀਕਾ ’ਚ ਵੀ ਦੋ ਮੌਤਾਂ ਹੋਣ ਦੀ ਸੂਚਨਾ ਹੈ ਤੇ ਤਾਲਾਬੰਦੀ ਸ਼ੁਰੂ ਕਰ ਦਿੱਤੀ ਗਈ ਹੈ।
ਅਮਰੀਕੀ ਸਿਹਤ ਮਾਹਿਰ ਐਂਥਨੀ ਫੌਕੀ ਨੇ ਕਿਹਾ ਕਿ ਹਾਲੇ ਇਹ ਕਹਿਣਾ ਮੁਸ਼ਕਲ ਹੈ ਕਿ ਮਹਾਮਾਰੀ ਅਮਰੀਕਾ ਵਿਚ ਕਿੰਨਾ ਚਿਰ ਰਹੇਗੀ ਤੇ ਕਿੱਧਰ ਨੂੰ ਲੈ ਕੇ ਜਾਵੇਗੀ। ਉਨ੍ਹਾਂ ਵੀ ਟੈਸਟਿੰਗ ਤੇ ਸੰਪਰਕ ਭਾਲਣ ’ਤੇ ਜ਼ੋਰ ਦਿੱਤਾ। ਅਮਰੀਕਾ ਦੇ 55 ਫ਼ੀਸਦ ਕੇਸ ਸਿਰਫ਼ ਨਿਊਯਾਰਕ ਮੈਟਰੋ ਇਲਾਕੇ ਦੇ ਹਨ। ਨਿਊਜਰਸੀ ਵੀ ਇਸ ’ਚ ਸ਼ਾਮਲ ਹੈ। ਵਾਈਟ ਹਾਊਸ ਦੀ ਕੋਆਰਡੀਨੇਟਰ ਦੇਬੋਰਾਹ ਬ੍ਰਿਕਸ ਨੇ ਉਨ੍ਹਾਂ ਅੰਕੜਿਆਂ (ਮਾਡਲ ਸਰਵੇਖਣ) ਨਾਲ ਸਹਿਮਤੀ ਨਹੀਂ ਪ੍ਰਗਟਾਈ ਜਿਨ੍ਹਾਂ ’ਚ ਵੱਡੀ ਗਿਣਤੀ ਮੌਤਾਂ ਦੀ ਭਵਿੱਖਬਾਣੀ ਕੀਤੀ ਗਈ ਸੀ। ਕੈਨੇਡਾ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਕਰੋਨਾਵਾਇਰਸ ਸੰਕਟ ਦੌਰਾਨ ਅਮਰੀਕਾ-ਕੈਨੇਡਾ ਸਰਹੱਦ ’ਤੇ ਫ਼ੌਜ ਤਾਇਨਾਤ ਕਰਨ ਦੀ ਤਜਵੀਜ਼ ਬਿਲਕੁਲ ਬੇਲੋੜੀ ਹੈ। ਇਸ ਨਾਲ ਲੰਮੇ ਸਮੇਂ ’ਤੋਂ ਸੁਖਾਵੇਂ ਦੋਵਾਂ ਮੁਲਕਾਂ ਦੇ ਰਿਸ਼ਤੇ ਖ਼ਰਾਬ ਹੋ ਸਕਦੇ ਹਨ। ਕੁਝ ਰਿਪੋਰਟਾਂ ਮੁਤਾਬਕ ਅਮਰੀਕਾ ਨੇ ਫ਼ਿਲਹਾਲ ਇਹ ਤਜਵੀਜ਼ ਰੱਦ ਕਰ ਦਿੱਤੀ ਹੈ।

Previous articleLockdown woes of UP farmers
Next articleOmar shares meme seeking essential services status for barbers