ਆਮ ਆਦਮੀ ਪਾਰਟੀ ’ਚੋਂ ਮੁਅੱਤਲ ਸੁਖਪਾਲ ਸਿੰਘ ਖਹਿਰਾ ਨੇ ਅੱਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਖ਼ਤ ਸ਼ਬਦਾਂ ਵਿਚ ਲਿਖੇ ਪੱਤਰ ਰਾਹੀਂ ਆਪਣਾ ਅਸਤੀਫ਼ਾ ਭੇਜਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਖੁਲਾਸਾ ਕੀਤਾ ਕਿ ਉਹ 8 ਜਨਵਰੀ ਨੂੰ ਨਵੀਂ ਪਾਰਟੀ ਦਾ ਐਲਾਨ ਕਰਨਗੇ। ਉਂਝ ਸ੍ਰੀ ਖਹਿਰਾ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਬਾਰੇ ਕੁਝ ਨਹੀਂ ਆਖਿਆ ਅਤੇ ਸੂਤਰ ਦੱਸਦੇ ਹਨ ਕਿ ਉਹ ਪਾਰਟੀ ਵੱਲੋਂ ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰੀ ਰੱਦ ਕਰਵਾਉਣ ਦੀ ਉਡੀਕ ਕਰਨਗੇ। ਦੂਜੇ ਪਾਸੇ ਸ੍ਰੀ ਖਹਿਰਾ ਨਾਲ ਜੁੜੇ ਬਾਗ਼ੀ ਧਿਰ ਦੇ ਬਾਕੀ 6 ਵਿਧਾਇਕਾਂ ਨੇ ਸ੍ਰੀ ਖਹਿਰਾ ਦੇ ਇਸ ਫੈਸਲੇ ਤੋਂ ਦੂਰੀਆਂ ਬਣਾ ਲਈਆਂ ਹਨ। ਬਾਗ਼ੀ ਧਿਰ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਫੈਸਲਾ ਸ੍ਰੀ ਖਹਿਰਾ ਦਾ ਖੁਦ ਦਾ ਫੈ਼ਸਲਾ ਹੈ ਪਰ ਉਨ੍ਹਾਂ ਇਸ ਬਾਰੇ ਉਨ੍ਹਾਂ ਨੂੰ ਸੂਚਿਤ ਕੀਤਾ ਸੀ। ਸ੍ਰੀ ਮਾਨਸ਼ਾਹੀਆ ਨੇ ਦੱਸਿਆ ਕਿ ਉਨ੍ਹਾਂ ਦੀ ਵਿਧਾਇਕ ਕੰਵਰ ਸੰਧੂ ਤੇ ਇਸ ਧਿਰ ਨਾਲ ਜੁੜੇ ਹੋਰ ਵਿਧਾਇਕਾਂ ਨਾਲ ਗੱਲ ਹੋਈ ਹੈ ਅਤੇ ਉਹ ਸ੍ਰੀ ਖਹਿਰਾ ਦੇ ਇਸ ਫੈਸਲਾ ਬਾਰੇ ਮੀਟਿੰਗ ਕਰ ਕੇ ਆਪਣੀ ਅਗਲੀ ਰਣਨੀਤੀ ਬਣਾਉਣਗੇ। ਦੱਸਣਯੋਗ ਹੈ ਕਿ ਬਾਗ਼ੀ ਧਿਰ ਨਾਲ ਸ੍ਰੀ ਖਹਿਰਾ, ਸ੍ਰੀ ਸੰਧੂ ਅਤੇ ਸ੍ਰੀ ਮਾਨਸ਼ਾਹੀਆ ਤੋਂ ਇਲਾਵਾ ਵਿਧਾਇਕ ਮਾਸਟਰ ਬਲਦੇਵ ਸਿੰਘ, ਪਿਰਮਲ ਸਿੰਘ, ਜਗਤਾਰ ਸਿੰਘ ਜੱਗਾ ਤੇ ਜਗਦੇਵ ਸਿੰਘ ਕਮਾਲੂ ਜੁੜੇ ਹਨ। ਇਸੇ ਦੌਰਾਨ ‘ਆਪ’ ਵਿੱਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਸ੍ਰੀ ਖਹਿਰਾ ਵੱਲੋਂ ਅਸਤੀਫ਼ਾ ਦੇਣ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਬੈਂਸ ਭਰਾਵਾਂ ਤੇ ਸ੍ਰੀ ਖਹਿਰਾ ਵੱਲੋਂ ਬਣਾਈ ਜਾ ਰਹੀ ਨਵੀਂ ਪਾਰਟੀ ਨਾਲ ਰਲ ਕੇ ਪੰਜਾਬ ਪੱਖੀ ਰਾਜਨੀਤੀ ਦੀ ਸ਼ੁਰੂਆਤ ਕਰਨਗੇ। ਸ੍ਰੀ ਖਹਿਰਾ ਨੇ ਸ੍ਰੀ ਕੇਜਰੀਵਾਲ ਨੂੰ ਅੱਜ ਆਪਣਾ ਅਸਤੀਫਾ ਭੇਜਦਿਆਂ ਕਿਹਾ ਕਿ ਉਹ ਮਜਬੂਰ ਹੋ ਕੇ ਅਸਤੀਫ਼ਾ ਦੇ ਰਹੇ ਹਨ ਕਿਉਂਕਿ ਪਾਰਟੀ ਆਪਣੇ ਸਾਰੇ ਆਦਰਸ਼ਾਂ ਤੇ ਵਿਚਾਰਧਾਰਾ ਤੋਂ ਭਟਕ ਚੁੱਕੀ ਹੈ। ਉਹ ਹੋਰਨਾਂ ਲੋਕਾਂ ਵਾਂਗ ਬਹੁਤ ਪ੍ਰਭਾਵਿਤ ਹੋ ਕੇ ਇਸ ਪਾਰਟੀ ਵਿਚ ਸ਼ਾਮਲ ਹੋਏ ਸਨ ਪਰ ਉਨ੍ਹਾਂ ਮਹਿਸੂਸ ਕੀਤਾ ਹੈ ਕਿ ਪਾਰਟੀ ਦੀ ਕਾਰਜਸ਼ੈਲੀ ਹੋਰਨਾਂ ਰਵਾਇਤੀ ਸਿਆਸੀ ਪਾਰਟੀਆਂ ਨਾਲੋਂ ਕਿਸੇ ਪੱਖੋਂ ਵੀ ਵੱਖ ਨਹੀਂ ਹੈ। ਸ੍ਰੀ ਖਹਿਰਾ ਨੇ ਦੋਸ਼ ਲਾਇਆ ਕਿ ਸ੍ਰੀ ਕੇਜਰੀਵਾਲ ਪੰਜਾਬੀਆਂ ਦੀ ਮਾਨਸਿਕਤਾ ਸਮਝਣ ਵਿਚ ਫੇਲ੍ਹ ਹੋਏ ਹਨ ਅਤੇ ਉਹ ਮਹਿਜ਼ ਆਪਣੇ ਦੋ ਸੂਬੇਦਾਰਾਂ (ਦੁਰਗੇਸ਼ ਪਾਠਕ ਤੇ ਸੰਜੇ ਸਿੰਘ) ਦੀ ਹੀ ਗੱਲ ਸੁਣਦੇ ਸਨ। ਚੋਣਾਂ ਦੌਰਾਨ ਪੰਜਾਬ ਵਿੱਚ ਕੋਈ ਵੀ ਮੁੱਖ ਮੰਤਰੀ ਦਾ ਚਿਹਰਾ ਨਾ ਦੇ ਕੇ ਵਿਰੋਧੀਆਂ ਦੇ ਇਨ੍ਹਾਂ ਇਲਜ਼ਾਮਾਂ ਨੂੰ ਵੀ ਪੁਖਤਾ ਕੀਤਾ ਕਿ ਜਿੱਤ ਉਪਰੰਤ ਕੋਈ ਬਾਹਰੀ ਵਿਅਕਤੀ ਸੂਬੇ ਉਪਰ ਥੋਪਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂਂ ਸੂਬੇਦਾਰਾਂ ਵਿੱਚੋਂ ਇੱਕ (ਦੁਰਗੇਸ਼) ਅੱਜ ਵੀ ਪਰਦੇ ਦੇ ਪਿੱਛੇ ਪੰਜਾਬ ਇਕਾਈ ਨੂੰ ਚਲਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਮੰਤਰੀ ਬਿਕਰਮ ਮਜੀਠੀਆ ਕੋਲੋਂ ਡਰੱਗ ਦੇ ਮਾਮਲੇ ਵਿਚ ਕਾਇਰਤਾ ਭਰਪੂਰ ਮੁਆਫੀ ਮੰਗ ਕੇ ਸ੍ਰੀ ਕੇਜਰੀਵਾਲ ਨੇ ਸਿਆਸਤ ਵਿੱਚ ਆਪਣੇ ਦੋਹਰੇ ਮਾਪਦੰਡਾਂ ਦਾ ਖੁਲਾਸਾ ਕੀਤਾ ਹੈ। ਪੰਜਾਬ ਦੇ ਦਰਿਆਈ ਪਾਣੀਆਂ ਦੇ ਅਹਿਮ ਮੁੱਦੇ ਉੱਪਰ ਸ੍ਰੀ ਕੇਜਰੀਵਾਲ ਨੇ ਦੋਗਲੀ ਨੀਤੀ ਅਪਣਾਈ ਹੈ। ਸ੍ਰੀ ਕੇਜਰੀਵਾਲ ਨੇ ਸਾਰੀਆਂ ਤਾਕਤਾਂ ਦਾ ਕੇਂਦਰੀਕਰਨ ਆਪਣੇ ਕੋਲ ਕਰ ਕੇ ਜਿਥੇ ਸਵਰਾਜ ਦੀ ਧਾਰਨਾ ਨੂੰ ਭੁਲਾ ਦਿੱਤਾ ਹੈ ਉਥੇ ਪਾਰਟੀ ਉੱਪਰ ਆਪਣਾ ਕਬਜ਼ਾ ਰੱਖਣ ਲਈ ਸੰਵਿਧਾਨ ਨੂੰ ਵੀ ਛਿੱਕੇ ਟੰਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਦੀ ਕਾਂਗਰਸ ਨਾਲ ਹੋ ਰਹੀ ਗੱਲਬਾਤ ਵੀ ਸਿਆਸੀ ਮੌਕਾਪ੍ਰਸਤੀ ਦੀ ਉਦਾਹਰਨ ਹੈ। ਅਜਿਹੀਆਂ ਤਾਨਾਸ਼ਾਹੀ ਨੀਤੀਆਂ ਕਾਰਨ ਹੀ ਪ੍ਰਸ਼ਾਂਤ ਭੂਸ਼ਨ ਤੋਂ ਲੈ ਕੇ ਐਚ.ਐਸ. ਫੂਲਕਾ ਸਮੇਤ ਕਈ ਵੱਡੇ ਆਗੂ ਪਾਰਟੀ ਛੱਡ ਗਏ ਹਨ। ਸ੍ਰੀ ਖਹਿਰਾ ਨੇ ਕਿਹਾ ਕਿ ਉਹ ਸਾਫ ਸੁਥਰੇ ਸਿਆਸੀ ਬਦਲ ਦੇ ਸੁਪਨੇ ਨੂੰ ਪੰਜਾਬ ਵਿੱਚ ਹਕੀਕਤ ਵਿੱਚ ਬਦਲਣ ਲਈ ਅਜੇ ਵੀ ਆਸਵੰਦ ਹਨ ਜੋ ਪਾਰਟੀ ਦੇ ‘ਹਾਈਕਮਾਂਡ ਕਲਚਰ’ ਦਾ ਹਿੱਸਾ ਰਹਿ ਕੇ ਪੂਰਾ ਹੋਣਾ ਅਸੰਭਵ ਹੈ। ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਆਉਂਦੇ ਦਿਨਾਂ ’ਚ ਕੁਝ ਹੋਰ ਵਿਧਾਿੲਕ ਵੀ ਅਸਤੀਫ਼ਾ ਦੇ ਸਕਦੇ ਹਨ।