ਗੈਂਗਸਟਰ ਸੋਹਰਾਬੂਦੀਨ ਸ਼ੇਖ਼, ਉਨ੍ਹਾਂ ਦੀ ਪਤਨੀ ਕੌਸਰ ਬੀ ਤੇ ਸਹਾਇਕ ਤੁਲਸੀ ਪ੍ਰਜਾਪਤੀ ਨੂੰ ਕਥਿਤ ਫ਼ਰਜ਼ੀ ਮੁਕਾਬਲੇ ਵਿਚ ਮਾਰਨ ਦੇ ਕੇਸ ’ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਸਾਰੇ 22 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਮੁਲਜ਼ਮਾਂ ਨੂੰ ਬਰੀ ਕਰਨ ਲਈ ਅਦਾਲਤ ਨੇ ਲੋੜੀਂਦੇ ਸਬੂਤਾਂ ਦੀ ਘਾਟ ਦਾ ਹਵਾਲਾ ਦਿੱਤਾ ਹੈ ਤੇ ਨਾਲ ਹੀ ‘ਤਿੰਨ ਜਾਨਾਂ’ ਚਲੇ ਜਾਣ ’ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਇਸੇ ਦੌਰਾਨ ਸੋਹਰਾਬੂਦੀਨ ਦੇ ਭਰਾ ਰਬਾਬੂਦੀਨ ਨੇ ਕਿਹਾ ਹੈ ਕਿ ਉਹ ਇਸ ਫ਼ੈਸਲੇ ਖ਼ਿਲਾਫ਼ ਉਪਰਲੀ ਅਦਾਲਤ ਵਿੱਚ ਜਾਣਗੇ। ਵਿਸ਼ੇਸ਼ ਸੀਬੀਆਈ ਜੱਜ ਐੱਸ.ਜੇ. ਸ਼ਰਮਾ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਕਾਨੂੰਨੀ ਢਾਂਚਾ ਬੇਸ਼ੱਕ ਸਿਰਫ਼ ਸਬੂਤਾਂ ਦੇ ਆਧਾਰ ’ਤੇ ਕੰਮ ਕਰਦਾ ਹੈ ਤੇ ਇਸਤਗਾਸਾ ਪੱਖ ਠੋਸ ਸਬੂਤ ਪੇਸ਼ ਕਰਨ ਵਿਚ ਨਾਕਾਮ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸਤਗਾਸਾ ਪੱਖ ਵੱਲੋਂ ਪੇਸ਼ ਕੀਤੇ ਤੱਥ ਇਹ ਸਾਬਿਤ ਨਹੀਂ ਕਰਦੇ ਕਿ ਤਿੰਨਾਂ ਨੂੰ ਕਤਲ ਕਰਨ ਪਿੱਛੇ ਸਾਜ਼ਿਸ਼ ਰਚੀ ਗਈ ਸੀ ਜਾਂ ਮੁਲਜ਼ਮਾਂ ਦੀ ਇਸ ਵਿਚ ਕੋਈ ਭੂਮਿਕਾ ਸੀ। ਜੱਜ ਨੇ ਕਿਹਾ ਕਿ ਹੁਣ ਤੱਕ ਪੇਸ਼ ਕੀਤੇ ਗਏ ਸਬੂਤ ਤੇ ਦਰਜ ਕੀਤੇ ਗਏ ਬਿਆਨ ਤਿੰਨਾਂ ਮੌਤਾਂ ਤੇ 22 ਮੁਲਜ਼ਮਾਂ ਵਿਚਾਲੇ ਕੋਈ ਸੰਪਰਕ ਸਾਬਿਤ ਨਹੀਂ ਕਰਦੇ। ਇਸ ਲਈ ਸਾਜ਼ਿਸ਼ ਘੜਨ ਦਾ ਕੋਈ ਕੇਸ ਬਣਦਾ ਹੀ ਨਹੀਂ। ਦੱਸਣਯੋਗ ਹੈ ਕਿ ਮੁਲਜ਼ਮਾਂ ਵਿਚ ਜ਼ਿਆਦਾਤਰ ਗੁਜਰਾਤ ਤੇ ਰਾਜਸਥਾਨ ਦੇ ਪੁਲੀਸ ਅਧਿਕਾਰੀ ਹਨ ਤੇ ਸੁਣਵਾਈ ਦੌਰਾਨ ਜ਼ਮਾਨਤ ’ਤੇ ਚੱਲ ਰਹੇ ਸਨ। ਤੇਰਾਂ ਸਾਲ ਚੱਲੇ ਇਸ ਕੇਸ ਵਿਚ ਕਈ ਮੋੜ ਆਏ ਹਨ ਤੇ ਸੁਣਵਾਈ ਦੌਰਾਨ ਇਸਤਗਾਸਾ ਪੱਖ ਵੱਲੋਂ ਪੇਸ਼ ਕੀਤੇ 92 ਗਵਾਹ ਮੁੱਕਰ ਚੁੱਕੇ ਹਨ। ਇਸ ਕੇਸ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਵੀ 2010 ਵਿਚ ਕੁਝ ਸਮੇਂ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ 2014 ਵਿਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ। ਵਿਸ਼ੇਸ਼ ਸੀਬੀਆਈ ਜੱਜ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ੇਖ਼ ਤੇ ਹੋਰਾਂ ਦਾ ਕਤਲ ਕੀਤਾ ਗਿਆ ਸੀ, ਪਰ ਕੇਸ ਵਿਚ ਨਾਮਜ਼ਦ ਮੁਲਜ਼ਮਾਂ ਦੀ ਕੋਈ ਭੂਮਿਕਾ ਸਾਬਿਤ ਨਹੀਂ ਹੋ ਸਕੀ ਹੈ। ਦੱਸਣਯੋਗ ਹੈ ਕਿ ਸ਼ੇਖ਼, ਕੌਸਰ ਬੀ ਤੇ ਪ੍ਰਜਾਪਤੀ ਨੂੰ 22 ਤੇ 23 ਨਵੰਬਰ 2005 ਦੀ ਦਰਮਿਆਨੀ ਰਾਤ ਨੂੰ ਹੈਦਰਾਬਾਦ ਤੋਂ ਮਹਾਰਾਸ਼ਟਰ ਦੇ ਸਾਂਗਲੀ ਆਉਂਦਿਆਂ ਪੁਲੀਸ ਟੀਮ ਨੇ ਹਿਰਾਸਤ ਵਿਚ ਲੈ ਲਿਆ ਸੀ। ਸ਼ੇਖ ਤੇ ਕੌਸਰ ਨੂੰ ਇਕ ਵਾਹਨ ਅਤੇ ਪ੍ਰਜਾਪਤੀ ਨੂੰ ਇਕ ਹੋਰ ਵਾਹਨ ਵਿਚ ਲਿਜਾਇਆ ਗਿਆ ਸੀ। ਸੀਬੀਆਈ ਨੇ ਆਪਣੀ ਜਾਂਚ ਵਿਚ ਦੱਸਿਆ ਸੀ ਕਿ ਸ਼ੇਖ਼ ਨੂੰ 26 ਨਵੰਬਰ 2005 ਨੂੰ ਗੁਜਰਾਤ ਤੇ ਰਾਜਸਥਾਨ ਦੀ ਪੁਲੀਸ ਟੀਮ ਨੇ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਸੀ। ਜਦਕਿ ਕੌਸਰ ਬੀ ਦੀ ਤਿੰਨ ਦਿਨਾਂ ਬਾਅਦ ਹੱਤਿਆ ਕਰ ਦਿੱਤੀ ਗਈ। ਕੇਂਦਰੀ ਜੇਲ੍ਹ ਉਦੈਪੁਰ ਵਿਚ ਬੰਦ ਪ੍ਰਜਾਪਤੀ ਨੂੰ ਗੁਜਰਾਤ-ਰਾਜਸਥਾਨ ਸਰਹੱਦ ’ਤੇ ਹੋਏ ਇਕ ਮੁਕਾਬਲੇ ਵਿਚ 27 ਦਸੰਬਰ, 2006 ਨੂੰ ਮਾਰ ਦਿੱਤਾ ਗਿਆ ਸੀ। 22 ਮੁਲਜ਼ਮਾਂ ਵਿਚੋਂ 21 ਗੁਜਰਾਤ ਤੇ ਰਾਜਸਥਾਨ ਦੇ ਜੂਨੀਅਰ ਪੁਲੀਸ ਅਫ਼ਸਰ ਸਨ ਜਦਕਿ ਇਕ ਮੁਲਜ਼ਮ ਗੁਜਰਾਤ ਦੇ ਉਸ ਫਾਰਮ ਹਾਊਸ ਦਾ ਮਾਲਕ ਸੀ ਜਿੱਥੇ ਕਥਿਤ ਤੌਰ ’ਤੇ ਸ਼ੇਖ ਅਤੇ ਕੌਸਰ ਬੀ ਨੂੰ ਕਤਲ ਕਰਨ ਤੋਂ ਪਹਿਲਾਂ ਰੱਖਿਆ ਗਿਆ ਸੀ। ਪੁਲੀਸ ਨੇ ਸੋਹਰਾਬੂਦੀਨ ਨੂੰ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਨਾਲ ਜੋੜਿਆ ਸੀ ਤੇ ਉਸ ਉੱਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਘੜਨ ਦੇ ਦੋਸ਼ ਲਾਏ ਸਨ। ਸ੍ਰੀ ਮੋਦੀ ਉਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਸੀ। ਇਸ ਕੇਸ ਵਿਚ ਪਹਿਲਾਂ ਅਤਿ ਮਹੱਤਵਪੂਰਨ ਵਿਅਕਤੀਆਂ ਸਣੇ 38 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਅਮਿਤ ਸ਼ਾਹ ਤੋਂ ਇਲਾਵਾ ਉਸ ਵੇਲੇ ਦੇ ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬਚੰਦ ਕਟਾਰੀਆ, ਸੀਨੀਅਰ ਆਈਪੀਐੱਸ ਡੀਜੀ ਵੰਜ਼ਾਰਾ ਤੇ ਪੀਸੀ ਪਾਂਡੇ ਨੂੰ ਸੀਬੀਆਈ ਅਦਾਲਤ ਪਹਿਲਾਂ ਹੀ ਸਬੂਤਾਂ ਦੀ ਘਾਟ ਦੱਸ ਕੇ ਬਰੀ ਕਰ ਚੁੱਕੀ ਹੈ।
HOME ਸੋਹਰਾਬੂਦੀਨ ਫ਼ਰਜ਼ੀ ਮੁਕਾਬਲੇ ਦੇ ਸਾਰੇ 22 ਮੁਲਜ਼ਮ ਬਰੀ