ਪੰਚਾਇਤ ਚੋਣਾਂ: ਵੱਡੀ ਗਿਣਤੀ ਉਮੀਦਵਾਰਾਂ ਦੇ ਕਾਗਜ਼ ਰੱਦ

ਪੰਜਾਬ ਵਿਚ ਹੋਣ ਜਾ ਰਹੀਆਂ ਪੰਚਾਇਤਾਂ ਚੋਣਾਂ ਲਈ ਪੰਚਾਂ ਤੇ ਸਰਪੰਚਾਂ ਦੇ ਅਹੁਦਿਆਂ ਲਈ ਉਮੀਦਵਾਰਾਂ ਵੱਲੋਂ ਦਾਖ਼ਲ ਕੀਤੇ ਕਾਗਜ਼ ਵੱਡੀ ਗਿਣਤੀ ਵਿਚ ਰੱਦ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹਾ ਪਟਿਆਲਾ ਵਿਚ 231 ਸਰਪੰਚਾਂ ਅਤੇ 498 ਪੰਚੀ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿਚ ਇਹ ਗਿਣਤੀ ਸਰਪੰਚਾਂ ਲਈ 276 ਅਤੇ ਪੰਚਾਂ ਲਈ 748 ਰਹੀ ਹੈ। ਪਟਿਆਲਾ ਜ਼ਿਲ੍ਹੇ ਦੇ ਸਨੌਰ ਵਿਧਾਨ ਸਭਾ ਹਲਕੇ ਵਿਚ ਸਭ ਤੋਂ ਵੱਧ ਸਰਪੰਚਾਂ ਦੇ 103 ਅਤੇ ਪੰਚਾਂ ਦੇ 171 ਨਾਮਜ਼ਦਗੀ ਕਾਗਜ਼ ਰੱਦ ਕੀਤੇ ਗਏ। ਕਈ ਥਾਈਂ ਅਕਾਲੀ ਦਲ ਅਤੇ ਹੋਰ ਧਿਰਾਂ ਨੇ ਧੱਕੇ ਨਾਲ ਕਾਗਜ਼ ਰੱਦ ਕਰਨ ਦਾ ਦੋਸ਼ ਲਾ ਕੇ ਵਿਰੋਧ ਦਰਜ ਕਰਵਾਇਆ। ਹਾਲਾਂਕਿ ਕਾਗਜ਼ ਰੱਦ ਕੀਤੇ ਜਾਣ ਦੀਆਂ ਰਿਪੋਰਟਾਂ 20 ਦਸੰਬਰ ਨੂੰ ਕਾਗਜ਼ਾਂ ਦੀ ਜਾਂਚ ਵਾਲੇ ਦਿਨ ਹੀ ਮਿਲਣੀਆਂ ਚਾਹੀਦੀਆਂ ਸਨ, ਪਰ ਰਿਪੋਰਟਾਂ ਅੱਜ ਦੇਰ ਤੱਕ ਸੂਬਾਈ ਚੋਣ ਕਮਿਸ਼ਨ ਨੂੰ ਵੀ ਨਹੀਂ ਮਿਲੀਆ। ਸੰਗਰੂਰ ਜ਼ਿਲ੍ਹੇ ਵਿਚ ਸਰਪੰਚਾਂ ਦੇ 58 ਅਤੇ ਪੰਚਾਂ ਦੇ 152 ਕਾਗਜ਼ ਹੀ ਰੱਦ ਹੋਏ ਹਨ। ਫਾਜ਼ਿਲਕਾ ਵਿਚ ਪੰਚਾਂ ਦੇ 106 ਅਤੇ ਸਰਪੰਚਾਂ ਦੇ 20 ਕਾਗਜ਼ ਰੱਦ ਕੀਤੇ ਗਏ। ਕਈ ਥਾਵਾਂ ’ਤੇ ਕਾਗਜ਼ ਦਾਖ਼ਲ ਨਾ ਕਰਨ ਦੇਣ ਜਾਂ ਫਾੜ ਦਿੱਤੇ ਜਾਣ ਦੀਆਂ ਵੀ ਰਿਪੋਰਟਾਂ ਹਨ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਕਾਂਗਰਸੀਆਂ ਨੇ ਇਕ ਦੂਜੇ ਦੇ ਕਾਗਜ਼ ਵੀ ਰੱਦ ਕਰਵਾਏ ਹਨ। ਕਈ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਰਾਤ ਦੇ ਨੌਂ ਵਜੇ ਤੱਕ ਵੀ ਮੁਕੰਮਲ ਜਾਣਕਾਰੀ ਨਹੀਂ ਆਈ ਸੀ। ਅੱਜ ਤਿੰਨ ਵਜੇ ਤੱਕ ਕਾਗਜ਼ ਵਾਪਸ ਲੈਣ ਅਤੇ ਉਸ ਤੋਂ ਬਾਅਦ ਚੋਣ ਨਿਸ਼ਾਨ ਜਾਰੀ ਕੀਤੇ ਜਾਣੇ ਸਨ, ਪਰ ਦੇਰ ਰਾਤ ਤੱਕ ਚੋਣ ਨਿਸ਼ਾਨ ਜਾਰੀ ਨਹੀਂ ਕੀਤੇ ਗਏ। ਹੁਣ ਅੱਜ ਦੇਰ ਰਾਤ ਜਾਂ ਭਲਕੇ ਹੀ ਚੋਣ ਨਿਸ਼ਾਨ ਜਾਰੀ ਕੀਤੇ ਜਾਣਗੇ। ਸੂਬਾਈ ਚੋਣ ਕਮਿਸ਼ਨ ਦੇ ਦਫ਼ਤਰ ਵਿਚ ਕਾਗਜ਼ ਰੱਦ ਕੀਤੇ ਜਾਣ ਦੀ ਜਾਣਕਾਰੀ ਨਹੀਂ ਸੀ ਪਹੁੰਚੀ। ਇਸ ਲਈ ਚੋਣ ਕਮਿਸ਼ਨ ਵਲੋਂ ਵੀ ਭਲਕੇ ਹੀ ਜਾਣਕਾਰੀ ਦਿੱਤੀ ਜਾ ਸਕੇਗੀ। ਮੁੱਖ ਚੋਣ ਅਧਿਕਾਰੀ ਜਗਪਾਲ ਸਿੰਘ ਸੰਧੂ ਨੇ ਅੱਜ ਭਰੋਸਾ ਦਿੱਤਾ ਕਿ ਉਹ ਅੱਜ ਤੋਂ ਮੀਡੀਆ ਨੂੰ ਪੂਰੀ ਜਾਣਕਾਰੀ ਦੇਣਗੇ। ਉਨ੍ਹਾਂ ਕਿਹਾ ਕਿ ਭਲਕੇ ਸ਼ਾਮ ਚਾਰ ਵਜੇ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੱਤਰਕਾਰ ਦਫ਼ਤਰ ਆ ਕੇ ਵੀ ਜਾਣਕਾਰੀ ਲੈ ਸਕਦੇ ਹਨ।

Previous articleਹੁਣ ਤਾਂ ਜੇਲ੍ਹ ਜਾਣਾ ਹੀ ਪਵੇਗਾ
Next articleਸੋਹਰਾਬੂਦੀਨ ਫ਼ਰਜ਼ੀ ਮੁਕਾਬਲੇ ਦੇ ਸਾਰੇ 22 ਮੁਲਜ਼ਮ ਬਰੀ