ਪਾਲਮਪੁਰ (ਸਮਾਜ ਵੀਕਲੀ) : ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸੀਨੀਅਰ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਅੱਜ ਚੋਣਾਂ ਵਾਲੇ ਸੂਬੇ ਹਿਮਾਚਲ ਪ੍ਰਦੇਸ਼ ਵਿਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਪਾਰਟੀ ਨੂੰ ਇਕ ਮੌਕਾ ਦੇਣ ਤੇ ਇਸ ਵਾਰ ਰਾਜ ਵਿਚ ‘ਨਵੇਂ ਇੰਜਣ’ ਵਾਲੀ ਸਰਕਾਰ ਬਣਾਉਣ। ਜ਼ਿਕਰਯੋਗ ਹੈ ਕਿ ਭਾਜਪਾ ਨੇ ਰਾਜ ਵਿਚ ‘ਡਬਲ ਇੰਜਣ’ ਵਾਲੀ ਸਰਕਾਰ ਦਾ ਨਾਅਰਾ ਦਿੱਤਾ ਹੈ। ‘ਆਪ’ ਆਗੂ ਨੇ ਕਿਹਾ ਕਿ ‘ਡਬਲ ਇੰਜਣ’ ਹਿਮਾਚਲ ਨੂੰ ਗਲਤ ਪਾਸੇ ਲੈ ਗਿਆ ਹੈ। ਇਹ ਸੂਬੇ ਨੂੰ ਚੰਗੇ ਸਕੂਲਾਂ, ਹਸਪਤਾਲਾਂ ਤੇ ਨੌਕਰੀਆਂ ਵਾਲੇ ਪਾਸੇ ਨਹੀਂ ਲੈ ਕੇ ਗਿਆ। ਸਿਸੋਦੀਆ ਨੇ ਕਿਹਾ ਕਾਂਗਰਸ, ਭਾਜਪਾ ਨੂੰ ਮਾੜਾ ਕਹਿ ਰਹੀ ਹੈ, ਇਸ ਲਈ ਲੋਕ ‘ਆਪ’ ਦੀ ਸਰਕਾਰ ਨੂੰ ਮੌਕਾ ਦੇਣ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਬਾਰੇ ਕਾਂਗਰਸ ਦੇ ਚੋਣ ਵਾਅਦੇ ’ਤੇ ਸਿਸੋਦੀਆ ਨੇ ਕਿਹਾ ਕਿ ਪਾਰਟੀ ਇਸ ਮੁੱਦੇ ਉਤੇ ਧੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਕਿਸੇ ਰਾਜ ਨੇ ਸਕੀਮ ਲਾਗੂ ਨਹੀਂ ਕੀਤੀ। ਸਿਸੋਦੀਆ ਨੇ ਕਿਹਾ ਕਿ ਹਿਮਾਚਲ ਦੇ ਲੋਕ ਹਰ ਪੰਜ ਸਾਲ ਬਾਅਦ ਸਰਕਾਰ ਬਦਲ ਦਿੰਦੇ ਹਨ ‘ਕਿਉਂਕਿ ਕਿਸੇ ਪਾਰਟੀ ਨੇ ਵੀ ਚੰਗਾ ਕੰਮ ਨਹੀਂ ਕੀਤਾ। ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਮੌਕਾ ਦਿੱਤਾ ਤੇ ਹੁਣ ਉਹ ਭਾਜਪਾ ਤੇ ਕਾਂਗਰਸ ਨੂੰ ਭੁੱਲ ਗਏ ਹਨ।’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly