ਸੂਰੀ ਹੱਤਿਆ ਕਾਂਡ: ਮੰਗਾਂ ਮੰਨੇ ਜਾਣ ਦੇ ਭਰੋਸੇ ਮਗਰੋਂ ਪਰਿਵਾਰ ਸਸਕਾਰ ਲਈ ਹੋਇਆ ਰਾਜ਼ੀ

ਅੰਮ੍ਰਿਤਸਰ (ਸਮਾਜ ਵੀਕਲੀ) : ਸ਼ਿਵ ਸੈਨਾ (ਟਕਸਾਲੀ) ਆਗੂ ਸੁਧੀਰ ਸੂਰੀ, ਜਿਸ ਦਾ ਸ਼ੁੱਕਰਵਾਰ ਨੂੰ ਇਕ ਨੌਜਵਾਨ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਦਾ ਅੱਜ ਪੋਸਟਮਾਰਟਮ ਕਰਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤੇ ਜਾਣ ਮਗਰੋਂ ਪਰਿਵਾਰ ਨੇ ਸੁਧੀਰ ਸੂਰੀ ਦਾ ਭਲਕੇ ਐਤਵਾਰ ਨੂੰ ਸਸਕਾਰ ਕਰਨ ਦਾ ਐਲਾਨ ਕੀਤਾ ਹੈ। ਉਧਰ ਸ਼ਿਵ ਸੈਨਾ ਆਗੂ ਦੀ ਹੱਤਿਆ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗੲੇ ਸੰਦੀਪ ਸਿੰਘ ਉਰਫ਼ ਸੰਨੀ ਨੂੰ ਪੁਲੀਸ ਨੇ ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨ ਦਾ ਰਿਮਾਂਡ ਲੈ ਲਿਆ ਹੈ। ਇਸੇ ਦੌਰਾਨ ਗੈਂਗਸਟਰ ਲਖਬੀਰ ਲੰਡਾ ਹਰੀਕੇ ਨੇ ਸ਼ਿਵ ਸੈਨਾ ਆਗੂ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ।

ਜ਼ਿਕਰਯੋਗ ਹੈ ਕਿ ਸੁਧੀਰ ਸੂਰੀ ਇਥੇ ਮਜੀਠਾ ਰੋਡ ਨੇੜੇ ਗੋਪਾਲ ਮੰਦਿਰ ਦੇ ਬਾਹਰ ਬੇਅਦਬੀ ਮਾਮਲੇ ਨੂੰ ਲੈ ਕੇ ਧਰਨੇ ’ਤੇ ਬੈਠੇ ਹੋਏ ਸਨ ਤਾਂ ਸੁਰੱਖਿਆ ਮੁਲਾਜ਼ਮਾਂ ਅਤੇ ਪੁਲੀਸ ਦੀ ਹਾਜ਼ਰੀ ’ਚ ਗੋਲੀਆਂ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਹੱਤਿਆ ਤੋਂ ਬਾਅਦ ਸ਼ਹਿਰ ਵਿੱਚ ਤਣਾਅ ਦੇ ਮਾਹੌਲ ਦਰਮਿਆਨ ਅੱਜ  ਦੇਹ ਦਾ ਪੋਸਟਮਾਰਟਮ ਕੀਤਾ ਗਿਆ। ਵੇਰਵਿਆਂ ਮੁਤਾਬਕ ਸੁਧੀਰ ਸੂਰੀ ਨੂੰ ਚਾਰ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਗੋਲੀਆਂ ਉਸ ਦੇ ਸ਼ਰੀਰ ਵਿੱਚ ਸਨ। ਪਰਿਵਾਰ ਅਤੇ ਹਿੰਦੂ ਸੰਗਠਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ਼ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ।  ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਕਿਹਾ ਕਿ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਦੇ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਭੇਜੀ ਜਾਵੇਗੀ ਕਿਉਂਕਿ ਇਹ ਕੇਂਦਰ ਸਰਕਾਰ ਨਾਲ ਜੁੜਿਆ ਮਾਮਲਾ ਹੈ।

ਉਨ੍ਹਾਂ ਕਿਹਾ ਕਿ ਸੂਰੀ ਪਰਿਵਾਰ ਨੂੰ ਸੁਰੱਖਿਆ ਦੇ ਨਾਲ ਨਾਲ ਤਰਸ ਦੇ ਆਧਾਰ ’ਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਹੈ। ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਪੁਲੀਸ ਕਮਿਸ਼ਨਰ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਜਾਂਚ ਦੌਰਾਨ ਜਿਨ੍ਹਾਂ ਵੀ ਵਿਅਕਤੀਆਂ ਦਾ ਨਾਮ ਸਾਹਮਣੇ ਆਵੇਗਾ, ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਮ੍ਰਿਤਕ ਆਗੂ ਦੇ ਬੇਟੇ ਮਾਣਿਕ ਸੂਰੀ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੂੰ ਅੱਜ ਸਵੇਰੇ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੇ ਫੋਨ ਆਏ ਹਨ। ਉਸ ਮੁਤਾਬਕ ਪਿਤਾ ਨੂੰ ਵੀ ਪਹਿਲਾਂ ਅਜਿਹੇ ਧਮਕੀ ਭਰੇ ਫੋਨ ਆਉਂਦੇ ਰਹੇ ਸਨ। ਪੁਲੀਸ ਅਤੇ ਹੋਰ ਏਜੰਸੀਆਂ ਹੱਤਿਆ ਦੇ ਇਸ ਮਾਮਲੇ ਦੀ ਜਾਂਚ ’ਚ ਜੁਟੀਆਂ ਹੋਈਆਂ ਹਨ। ਸੋਸ਼ਲ ਮੀਡੀਆ ’ਤੇ ਲੰਡਾ ਹਰੀਕੇ ਦੇ ਨਾਂ ਉਤੇ ਇਕ ਪੋਸਟ ਵਾਇਰਲ ਹੋਈ ਹੈ। ਇਹ ਪੋਸਟ ਗੈਂਗਸਟਰ ਲੰਡਾ ਦੀ ਦੱਸੀ ਜਾ ਰਹੀ ਹੈ, ਜਿਸ ਵਿੱਚ ਉਸ ਨੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਇਹ ਕਤਲ ਸਾਡੇ ਭਰਾਵਾਂ ਨੇ ਕੀਤਾ ਹੈ। ਕੌਮ ਜਾਂ ਧਰਮ ਬਾਰੇ ਮਾੜਾ ਬੋਲਣ ਵਾਲਿਆਂ ਨੂੰ ਵੀ ਧਮਕੀ ਦਿੱਤੀ ਗਈ ਹੈ। ਪੁਲੀਸ ਦੀ ਫੋਰੈਂਸਿਕ ਟੀਮ ਵੱਲੋਂ ਵੀ ਘਟਨਾ ਸਥਾਨ ਦਾ ਦੌਰਾ ਕਰਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

ਬੀਤੀ ਰਾਤ ਡੀਜੀਪੀ ਗੌਰਵ ਯਾਦਵ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਸੀ। ਉਨ੍ਹਾਂ ਨਾਲ ਸੀਨੀਅਰ ਪੁਲੀਸ ਅਧਿਕਾਰੀ ਏਡੀਜੀਪੀ ਆਰ ਐੱਨ ਢੋਕੇ, ਏਡੀਜੀਪੀ ਅਰਪਿਤ ਸ਼ੁਕਲਾ, ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਡੀਜੀਪੀ ਨੇ ਆਖਿਆ ਕਿ ਏਡੀਜੀਪੀ ਢੋਕੇ ਇਸ ਜਾਂਚ ਦੀ ਨਿਗਰਾਨੀ ਕਰਨਗੇ ਅਤੇ ਇਹ ਤੱਥਾਂ ’ਤੇ ਆਧਾਰਿਤ ਹੋਵੇਗੀ। ਇਸ ਘਟਨਾ ਦਾ ਅਤਿਵਾਦ ਨਾਲ ਸਬੰਧ ਹੋਣ ਬਾਰੇ ਉਨ੍ਹਾਂ ਫਿਲਹਾਲ ਕੁਝ ਵੀ ਨਹੀਂ ਕਿਹਾ। ਉਧਰ ਗੋਲੀਆਂ ਚਲਾਉਣ ਵਾਲੇ ਸੰਦੀਪ ਸਿੰਘ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਸ਼ਾਮ ਨੂੰ ਹਿੰਦੂ ਸੰਗਠਨਾਂ ਵੱਲੋਂ ਇੱਥੇ ਸ਼ਿਵਾਲਾ ਰੋਡ ਨੇੜੇ ਰੇਲਵੇ ਫਾਟਕ ’ਤੇ ਰੇਲ ਪਟੜੀਆਂ ਉਪਰ ਧਰਨਾ ਦਿੱਤਾ ਗਿਆ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਧਰਨਾ ਉਠਵਾ ਲਿਆ। ਹਿੰਦੂ ਆਗੂ ਸੁਧੀਰ ਸੂਰੀ ਦੇ ਕਤਲ ਦੇ ਰੋਸ ਵਜੋਂ ਅੱਜ ਸ਼ਹਿਰ ਵਿੱਚ ਮੁਕੰਮਲ ਬੰਦ ਰਿਹਾ।

ਇਸੇ ਦੌਰਾਨ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਮਾਮਲੇ ਵਿੱਚ ਥਾਣਾ ਸਦਰ ਪੁਲੀਸ ਨੇ ਮ੍ਰਿਤਕ ਦੇ ਬੇਟੇ ਮਾਣਿਕ ਸੂਰੀ ਦੇ ਬਿਆਨਾਂ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤੇ ਸੰਦੀਪ ਸਿੰਘ ਉਰਫ਼ ਸੰਨੀ ਖ਼ਿਲਾਫ਼ ਧਾਰਾ 302 ਅਤੇ ਅਸਲਾ ਐਕਟ ਦੀ ਧਾਰਾ 25, 27, 54, 59 ਹੇਠ ਕੇਸ ਦਰਜ ਕੀਤਾ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਿਮਾਚਲ ’ਚ ਲੋਕ ‘ਆਪ’ ਨੂੰ ਮੌਕਾ ਦੇਣ ਲੋਕ: ਸਿਸੋਦੀਆ
Next articleਪੰਜਾਬ ਦੇ ਸਾਬਕਾ ਮੰਤਰੀ ਬਲਬੀਰ ਸਿੱਧੂ ਤੇ ਮੁਹਾਲੀ ਦੇ ਮੇਅਰ ਜੀਤੀ ਸਿੱਧੂ ਦੀ ਮਾਤਾ ਦਾ ਦੇਹਾਂਤ