ਅਦਾਕਾਰਾ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਉਹ ਨਵੰਬਰ ਮਹੀਨੇ ਵਿਆਹ ਬੰਧਨ ਵਿੱਚ ਬੱਝ ਜਾਣਗੇ। ਇਸ ਜੋੜੇ ਨੇ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ’ਤੇ ਪੋਸਟ ਸਾਂਝੀ ਕਰਦਿਆਂ ਖੁਲਾਸਾ ਕੀਤਾ ਕਿ ਵਿਆਹ ਦੇ ਜਸ਼ਨ 14 ਤੇ 15 ਨਵੰਬਰ ਨੂੰ ਮਨਾਏ ਜਾਣਗੇ। ਪੋਸਟ ਵਿੱਚ ਲਿਖਿਆ ਹੈ, ‘ਆਪਣੇ ਪਰਿਵਾਰਾਂ ਦੇ ਆਸ਼ੀਰਵਾਦ ਨਾਲ ਸਾਨੂੰ ਇਹ ਗੱਲ ਸਾਂਝੀ ਕਰਦਿਆਂ ਖੁ਼ਸ਼ੀ ਹੋ ਰਹੀ ਹੈ ਕਿ ਵਿਆਹ 14 ਤੇ 15 ਨਵੰਬਰ 2018 ਨੂੰ ਹੋਵੇਗਾ। ਅਸੀਂ ਇੰਨੇ ਸਾਲਾਂ ਤੋਂ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਧੰਨਵਾਦ ਕਰਦਿਆਂ ਪਿਆਰ, ਦੋਸਤੀ, ਵਫਾਦਾਰੀ ਤੇ ਇਕੱਠਿਆਂ ਤੁਰਨ ਦੇ ਇਸ ਸ਼ਾਨਦਾਰ ਸਫ਼ਰ ਲਈ ਤੁਹਾਡੇ ਤੋਂ ਦੁਆਵਾਂ ਮੰਗਦੇ ਹਾਂ। ਦੀਪਿਕਾ ਤੇ ਰਣਵੀਰ ਵੱਲੋਂ ਢੇਰ ਸਾਰਾ ਪਿਆਰ।’ ਦੀਪਿਕਾ (32) ਤੇ ਰਣਵੀਰ(33) ਨੇ ਇਹ ਐਲਾਨ ਰਵਾਇਤੀ ਹਿੰਦੀ ਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਵਿਆਹ ਦੇ ਕਾਰਡ ਫਾਰਮੈਟ ’ਤੇ ਕੀਤਾ ਹੈ।