ਕਾਰੋਬਾਰੀ ਦੇ ਘਰੋਂ ਦਸ ਲੱਖ ਰੁਪਏ ਤੇ ਗਹਿਣੇ ਲੁੱਟੇ

ਸ਼ਹਿਰ ਦੇ ਪਾਸ਼ ਇਲਾਕੇ ਵਜੋਂ ਜਾਣੇ ਜਾਂਦੇ ਹੀਰਾ ਬਾਗ ਵਿੱਚ ਸਥਿਤ ਕੋਲਡ ਸਟੋਰ ਦੇ ਮਾਲਕ ਦੇ ਘਰ ਵਿੱਚ ਬੀਤੀ ਰਾਤ ਪੰਜ ਨਕਾਬਪੋਸ਼ ਲੁਟੇਰਿਆਂ ਨੇ ਦਾਖਲ ਹੋ ਕੇ ਘਰ ਦੇ ਮੈਂਬਰਾਂ ਨੂੰ ਬੰਦੀ ਬਣਾਉਣ ਉਪਰੰਤ ਕਰੀਬ 10 ਲੱਖ ਰੁਪਏ ਤੇ ਗਹਿਣੇ ਲੁੱਟ ਲਏ ਅਤੇ ਐਕਟਿਵਾ ਵੀ ਨਾਲ ਹੀ ਲੈ ਗਏ। ਅੱਜ ਸਵੇਰੇ ਪੁਲੀਸ ਨੂੰ ਐਕਟਿਵਾ ਤਾਂ ਮੁਲਾਂਪੁਰ ਨੇੜਿਓਂ ਮਿਲ ਗਈ ਪ੍ਰੰਤੂ ਲੁਟੇਰਿਆਂ ਬਾਰੇ ਕੋਈ ਸੁਰਾਗ ਹੱਥ ਨਹੀਂ ਲੱਗਿਆ ਹੈ। ਡੀਐੱਸਪੀ ਪ੍ਰਭਜੋਤ ਕੌਰ ਅਤੇ ਥਾਣਾ ਸ਼ਹਿਰੀ ਦੇ ਮੁਖੀ ਰਣਧੀਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਕਾਰੋਬਾਰੀ ਪਲਾਹਾ ਪਰਿਵਾਰ ਦੇ ਕੋਲਡ ਸਟੋਰ ਹਨ। ਬੀਤੀ ਰਾਤ ਨਛੱਤਰ ਸਿੰਘ ਪਲਾਹਾ ਤੇ ਉਨ੍ਹਾਂ ਦਾ ਬੇਟਾ ਨਵਜੋਤ ਸਿੰਘ ਕੋਲਡ ਸਟੋਰ ਤੋਂ ਆਏ। ਘਰ ਦੀ ਬਾਲਕੋਨੀ ਵਿੱਚ ਬੈਠ ਕੇ ਜਦੋਂ ਦਿਨ ਭਰ ਦਾ ਲੇਖਾ-ਜੋਖਾ ਕਰਨ ਲੱਗੇ ਤਾਂ ਏਨੇ ਨੂੰ ਪੰਜ ਨਕਾਬਪੋਸ਼ ਲੁਟੇਰਿਆਂ ਦਾ ਟੋਲਾ ਉਨ੍ਹਾਂ ਦੇ ਘਰ ਅੰਦਰ ਆ ਵੜਿਆ ਤੇ ਆਉਣ ਸਾਰ ਉਨਾਂ ਨਛੱਤਰ ਸਿੰਘ ਨੂੰ ਬੰਨ੍ਹ ਲਿਆ। ਮਾਰੂ ਹਥਿਆਰਾਂ ਨਾਲ ਲੈਸ ਇਸ ਟੋਲੇ ਨੇ ਕਿਰਪਾਨ ਕੱਢੀ ਤੇ ਲੈਪਟਾਪ ਵਾਲਾ ਬੈਗ ਫੜ ਲਿਆ। ਪੂਰੇ ਪਰਿਵਾਰ ਨੂੰ ਕਾਬੂ ਕਰਨ ਉਪਰੰਤ ਉਨ੍ਹਾਂ ਲੁੱਟਮਾਰ ਸ਼ੁਰੂ ਕਰ ਦਿੱਤੀ। ਪਰਿਵਾਰ ਅਨੁਸਾਰ ਲੈਪਟਾਪ ਵਾਲੇ ਬੈਗ ਵਿੱਚ ਕਰੀਬ ਢਾਈ ਲੱਖ ਰੁਪਏ ਸਨ। ਫਿਰ ਲੁਟੇਰਿਆਂ ਨੇ ਘਰ ਦੀਆਂ ਅਲਮਾਰੀਆਂ ਦੀਆਂ ਚਾਬੀਆਂ ਮੰਗੀਆਂ ਤੇ ਉਨ੍ਹਾਂ ਵਿੱਚੋਂ ਸਾਰਾ ਸਾਮਾਨ ਲੁੱਟ ਕੇ ਸਕੂਟਰ ਦੀਆਂ ਚਾਬੀ ਮੰਗੀ ਅਤੇ ਉਨ੍ਹਾਂ ਦਾ ਐਕਟਿਵਾ ਸਕੂਟਰ ਲੈ ਕਿ ਫ਼ਰਾਰ ਹੋ ਗਏ। ਪੁਲੀਸ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਨਿਰੀਖਣ ਕੀਤਾ। ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਪ੍ਰੰਤੂ ਕੁਝ ਹੱਥ ਪੱਲੇ ਨਹੀਂ ਪਿਆ। ਪੁਲੀਸ ਅਨੁਸਾਰ ਉਕਤ ਘਟਨਾ ਤੋਂ ਪਰਿਵਾਰ ਏਨਾ ਸਹਿਮ ਗਿਆ ਹੈ ਕਿ ਹੋਏ ਨੁਕਸਾਨ ਦੇ ਪੂਰੇ ਅੰਕੜੇ ਦੇਣ ਦੀ ਹਾਲਤ ’ਚ ਨਹੀਂ ਹੈ। ਸੀਨੀਅਰ ਪੁਲੀਸ ਅਧਿਕਾਰੀ ਵਰਿੰਦਰ ਸਿੰਘ ਬਰਾੜ ਅਨੁਸਾਰ ਐੱਸਪੀ(ਜਾਂਚ) ਤਰੁਨਰਤਨ, ਇੰਸਪੈਕਟਰ ਲਖਵੀਰ ਸ਼ਿੰਘ ਸੰਧੂ ਸੀਆਈਏ, ਡੀਐੱਸਪੀ ਅਮਨਦੀਪ ਬਰਾੜ ਇਸ ਮਾਮਲੇ ਨੂੰ ਸੁਲਝਾਉਣ ’ਚ ਲੱਗੇ ਹੋਏ ਹਨ। ਲੁਟੇਰੇ ਜਲਦੀ ਹੀ ਫੜ ਲਏ ਜਾਣਗੇ।

Previous articleਦਵਾਈ ਵਿਕਰੇਤਾ ਨੂੰ ਗੋਲੀ ਮਾਰ ਕੇ ਪੈਸਿਆਂ ਵਾਲਾ ਬੈਗ ਖੋਹਿਆ
Next articleਦੀਪਿਕਾ-ਰਣਵੀਰ ਦਾ ਵਿਆਹ ਅਗਲੇ ਮਹੀਨੇ