ਰੋਹਿਤ ਤੇ ਕੋਹਲੀ ਦੇ ਸੈਂਕੜੇ, ਭਾਰਤ ਦੀ ਪਹਿਲੀ ਜਿੱਤ

ਰੋਹਿਤ ਸ਼ਰਮਾ ਅਤੇ ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਮੁਸ਼ਕਲ ਟੀਚੇ ਦਾ ਪਿੱਛਾ ਕਰਦਿਆਂ ਪਹਿਲੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਵੈਸਟ ਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ। ਰੋਹਿਤ ਨੇ ਨਾਬਾਦ 152 ਅਤੇ ਕੋਹਲੀ ਨੇ 140 ਦੌੜਾਂ ਬਣਾਈਆਂ। ਵੈਸਟ ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਿਮਰੋਨ ਹੈਟਮਾਇਰ ਦੀ 106 ਦੌੜਾਂ ਦੀ ਪਾਰੀ ਦੀ ਮਦਦ ਨਾਲ ਅੱਠ ਵਿਕਟਾਂ ’ਤੇ 322 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਰੋਹਿਤ ਅਤੇ ਵਿਰਾਟ ਨੇ ਇਸ ਮੁਸ਼ਕਲ ਟੀਚੇ ਨੂੰ ਵੀ ਆਸਾਨ ਬਣਾਉਂਦਿਆਂ ਭਾਰਤ ਨੂੰ 47 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਿਵਾ ਦਿੱਤੀ। ਰੋਹਿਤ ਨੇ 43ਵੇਂ ਓਵਰ ਦੀ ਪਹਿਲੀ ਗੇਂਦ ’ਤੇ ਚੰਦਰਪਾਲ ਹੇਮਰਾਜ ਨੂੰ ਛੱਕਾ ਮਾਰ ਕੇ ਭਾਰਤ ਨੂੰ 326 ਦੌੜਾਂ ਤੱਕ ਪਹੁੰਚਾਇਆ। ਗੁਹਾਟੀ ਦੇ ਨਵੇਂ ਬਾਰਸਪਾਰਾ ਕ੍ਰਿਕਟ ਸਟੇਡੀਅਮ ’ਤੇ ਭਾਰਤ ਦੀ ਇਹ ਪਹਿਲੀ ਜਿੱਤ ਹੈ। ਇੱਕ ਰੋਜ਼ਾ ਕ੍ਰਿਕਟ ਵਿੱਚ ਇਹ ਤੀਜੀ ਵਾਰ ਹੋਇਆ ਹੈ, ਜਦੋਂ ਕਦੇ ਦੋ ਭਾਰਤੀ ਬੱਲੇਬਾਜ਼ਾਂ ਨੇ 140 ਤੋਂ ਵੱਧ ਦਾ ਸਕੋਰ ਬਣਾਇਆ ਹੈ। ਰੋਹਿਤ 117 ਗੇਂਦਾਂ ਵਿੱਚ 15 ਚੌਕਿਆਂ ਅਤੇ ਅੱਠ ਛੱਕਿਆਂ ਦੀ ਮਦਦ ਨਾਲ 152 ਦੌੜਾਂ ਬਣਾ ਕੇ ਨਾਬਾਦ ਰਿਹਾ। ਉਥੇ ਵਿਰਾਟ ਨੇ ਆਪਣੀ ਬਿਹਤਰੀਨ ਲੈਅ ਜਾਰੀ ਰੱਖਦਿਆਂ 107 ਗੇਂਦਾਂ ਵਿੱਚ 140 ਦੌੜਾਂ ਬਣਾਈਆਂ, ਜਿਸ ਵਿੱਚ 21 ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਦੋਵਾਂ ਨੇ ਦੂਜੀ ਵਿਕਟ ਲਈ 246 ਦੌੜਾਂ ਦੀ ਸਾਂਝੇਦਾਰੀ ਕੀਤੀ। ਕੋਹਲੀ ਦਾ ਇਹ 36ਵਾਂ ਇੱਕ ਰੋਜ਼ਾ ਸੈਂਕੜਾ ਹੈ, ਜਦਕਿ ਰੋਹਿਤ ਦਾ 20ਵਾਂ ਸੈਂਕੜਾ ਹੈ। ਦੋਵਾਂ ਵਿਚਾਲੇ 15ਵੀਂ ਵਾਰ ਸੈਂਕੜਾ ਸਾਂਝੇਦਾਰੀ ਹੋਈ ਹੈ, ਜਿਸ ਵਿੱਚ ਪੰਜਵੀਂ ਵਾਰ 200 ਤੋਂ ਵੱਧ ਦੌੜਾਂ ਬਣੀਆਂ। ਕੋਹਲੀ ਨੂੰ ਹੁਣ ਇੱਕ ਰੋਜ਼ਾ ਕ੍ਰਿਕਟ ਵਿੱਚ ਦਸ ਹਜ਼ਾਰ ਦੇ ਅੰਕੜੇ ਤੱਕ ਪਹੁੰਚਣ ਲਈ 81 ਦੌੜਾਂ ਦੀ ਲੋੜ ਹੈ। ਕੋਹਲੀ ਨੇ ਇਸ ਦੇ ਨਾਲ ਹੀ ਇੱਕ ਕੈਲੰਡਰ ਸਾਲ ਵਿੱਚ 2000 ਕੌਮਾਂਤਰੀ ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਉਸ ਨੇ ਸਚਿਨ ਤੇਂਦੁਲਕਰ ਦੇ ਲਗਾਤਾਰ ਤਿੰਨ ਸਾਲ 2000 ਤੋਂ ਵੱਧ ਦੌੜਾਂ ਬਣਾਉਣ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ। ਕੋਹਲੀ ਲੈਗ ਸਪਿੰਨਰ ਦੇਵੇਂਦਰ ਬਿਸ਼ੂ ਦੀ ਗੇਂਦ ’ਤੇ ਸਟੰਪ ਆਊਟ ਹੋਇਆ। ਕੋਹਲੀ ਦੇ ਆਊਟ ਹੋਣ ਮਗਰੋਂ ਰੋਹਿਤ ਨੇ ਅੰਬਾਤੀ ਰਾਇਡੂ (22 ਦੌੜਾਂ) ਨਾਲ ਮਿਲ ਕੇ ਭਾਰਤ ਨੂੰ ਜਿੱਤ ਤੱਕ ਪਹੁੰਚਾਇਆ। ਭਾਰਤ ਨੇ ਪਹਿਲੀ ਵਿਕਟ ਦੂਜੇ ਓਵਰ ਵਿੱਚ ਦਸ ਦੌੜਾਂ ’ਤੇ ਹੀ ਗੁਆ ਲਈ ਸੀ, ਜਦੋਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (ਚਾਰ) ਨੂੰ ਥੌਮਸ ਨੇ ਬੋਲਡ ਕੀਤਾ। ਇਸ ਮਗਰੋਂ ਕੈਰੇਬਿਆਈ ਗੈਂਦਬਾਜ਼ਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਕਿਉਂਕਿ ਨਾ ਤਾਂ ਉਨ੍ਹਾਂ ਨੂੰ ਕੋਈ ਵਿਕਟ ਮਿਲੀ ਅਤੇ ਨਾ ਹੀ ਉਹ ਤੇਜ਼ ਰਫ਼ਤਾਰ ਖੇਡ ਰਹੇ ਰੋਹਿਤ ਅਤੇ ਵਿਰਾਟ ਦੇ ਬੱਲਿਆਂ ਨੂੰ ਰੋਕ ਸਕੇ। ਇਸ ਤੋਂ ਪਹਿਲਾਂ ਹੈਟਮਾਇਰ (106 ਦੌੜਾਂ) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਵੈਸਟ ਇੰਡੀਜ਼ ਨੇ ਟੈਸਟ ਲੜੀ ਦੇ ਖ਼ਰਾਬ ਪ੍ਰਦਰਸ਼ਨ ਨਾਲ ਵਾਪਸੀ ਕਰਦਿਆਂ ਅੱਠ ਵਿਕਟਾਂ ’ਤੇ 322 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਖੱਬੇ ਹੱਥ ਦੇ 21 ਸਾਲਾ ਖਿਡਾਰੀ ਨੇ ਵੈਸਟ ਇੰਡੀਜ਼ ਨੂੰ ਬੰਗਲਾਦੇਸ਼ ਵਿੱਚ 2016 ਦੌਰਾਨ ਪਹਿਲਾ ਅੰਡਰ-19 ਵਿਸ਼ਵ ਕੱਪ ਖ਼ਿਤਾਬ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਸ ਨੇ ਭਾਰਤ ਦੇ ਗੇਂਦਬਾਜ਼ੀ ਹਮਲੇ ਦਾ ਡਟ ਕੇ ਸਾਹਮਣਾ ਕਰਦਿਆਂ ਆਪਣਾ ਤੀਜਾ ਇੱਕ ਰੋਜ਼ਾ ਸੈਂਕੜਾ ਪੂਰਾ ਕੀਤਾ। ਉਸ ਨੇ 78 ਗੇਂਦਾਂ ਦੀ ਆਪਣੀ ਰੋਮਾਂਚਕ ਪਾਰੀ ਦੌਰਾਨ ਛੇ ਚੌਕੇ ਅਤੇ ਛੇ ਛੱਕੇ ਮਾਰੇ।

Previous articleਦੀਪਿਕਾ-ਰਣਵੀਰ ਦਾ ਵਿਆਹ ਅਗਲੇ ਮਹੀਨੇ
Next articleਹਰਿਆਣਾ ਲਾਇਨਜ਼ ਦੀ ਮੈਪਲ ਲੀਫ ਕੈਨੇਡਾ ’ਤੇ ਵੱਡੀ ਜਿੱਤ