ਮੁਹਾਲੀ ’ਚ ਪੰਚਾਇਤ ਸੰਮਤੀ ਲਈ ਮੌਲੀ ਬੈਦਵਾਨ ਜ਼ੋਨ ਤੋਂ ਉਮੀਦਵਾਰ ਤੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਮੌਲੀ ਨੇ ਕਾਂਗਰਸ ਸਰਕਾਰ ’ਤੇ ਧੱਕੇ ਨਾਲ ਚੋਣਾਂ ਜਿੱਤਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਵੋਟਾਂ ਦੀ ਗਿਣਤੀ ਦੌਰਾਨ ਗਿਣਤੀ ਕੇਂਦਰ ’ਚ ਵੋਟਾਂ ਖੋਹ ਲਈਆਂ ਗਈਆਂ ਤੇ ਅਕਾਲੀ ਸਮਰਥਕਾਂ ਦੀਆਂ ਪੱਗਾਂ ਲਾਹੀਆਂ ਗਈਆਂ। ਇਸ ਘਟਨਾ ਮਗਰੋਂ ਅਕਾਲੀ ਦਲ ਦੀ ਐਸਜੀਪੀਸੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਤੇ ਪਰਵਿੰਦਰ ਸਿੰਘ ਬੈਦਵਾਨ ਸਣੇ ਹੋਰ ਅਕਾਲੀ ਆਗੂ ਤੇ ਵਰਕਰ ਵੱਡੀ ਗਿਣਤੀ ’ਚ ਗਿਣਤੀ ਕੇਂਦਰ ਦੇ ਬਾਹਰ ਪਹੁੰਚੇ ਤੇ ਸੂਬਾ ਸਰਕਾਰ ਤੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਨ੍ਹਾਂ ਆਗੂਆਂ ਨੇ ਦੋਸ਼ ਲਾਇਆ ਕਿ ਕਾਂਗਰਸ ਹਕੂਮਤ ਨੇ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਦਿੱਤੀਆਂ ਹਨ। ਇਸ ਦੌਰਾਨ ਅਕਾਲੀਆਂ ਨੇ ਲਾਂਡਰਾਂ ਖਰੜ ਮੁੱਖ ਸੜਕ ’ਤੇ ਚੱਕਾ ਜਾਮ ਕਰਕੇ ਰੋਸ ਵਿਖਾਵਾ ਕੀਤਾ। ਬਾਅਦ ’ਚ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਮੌਕੇ ’ਤੇ ਪਹੁੰਚ ਕੇ ਸਮੁੱਚੇ ਘਟਨਾਕ੍ਰਮ ਦਾ ਜਾਇਜ਼ਾ ਲਿਆ ਤੇ ਵਰਕਰਾਂ ਨੂੰ ਸ਼ਾਂਤ ਕੀਤਾ। ਇਸ ਮੌਕੇ ਅਕਾਲੀ ਉਮੀਦਵਾਰ ਅਵਤਾਰ ਸਿੰਘ ਸਾਬਕਾ ਸਰਪੰਚ ਮੌਲੀ ਬੈਦਵਾਨ ਨੇ ਦਾਅਵਾ ਕੀਤਾ ਕਿ ਉਹ 200 ਤੋਂ ਵੱਧ ਵੋਟਾਂ ਨਾਲ ਚੋਣ ਜਿੱਤ ਗਏ ਸੀ ਤੇ ਚੋਣ ਅਧਿਕਾਰੀ ਐਲਾਨ ਕਰਨ ਵਾਲਾ ਹੀ ਸੀ ਕਿ ਇਸ ਦੌਰਾਨ ਉੱਥੇ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਛੋਟਾ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਗਿਣਤੀ ਕੇਂਦਰ ’ਚ ਪਹੁੰਚ ਗਿਆ ਤੇ ਉਨ੍ਹਾਂ ਤੋਂ ਵੋਟਾਂ ਵਾਲੀਆਂ ਪਰਚੀਆਂ ਖੋਹ ਲਈਆਂ। ਇਸ ਦੌਰਾਨ ਅਕਾਲੀ ਆਗੂ ਦੀ ਪੱਗ ਲੱਥ ਗਈ ਤੇ ਪੁਲੀਸ ਨੇ ਉਲਟਾ ਉਨ੍ਹਾਂ (ਉਮੀਦਵਾਰ) ਨੂੰ ਹੀ ਗਿਣਤੀ ਕੇਂਦਰ ’ਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਵੋਟਾਂ ਖੋਹਣ ਤੇ ਪੱਗਾਂ ਲਾਹੁਣ ਬਾਰੇ ਤੁਰੰਤ ਰਿਟਰਨਿੰਗ ਅਫ਼ਸਰ ਤੇ ਪੁਲੀਸ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਪਰ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਇਸੇ ਦੌਰਾਨ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਗਿਣਤੀ ਕੇਂਦਰ ’ਚ ਕਿਸੇ ਉਮੀਦਵਾਰ ਨਾਲ ਕੋਈ ਵਧੀਕੀ ਨਹੀਂ ਕੀਤੀ ਤੇ ਨਾ ਹੀ ਹੱਥੋਪਾਈ ਕੀਤੀ ਹੈ। ਅਕਾਲੀ ਝੂਠੇ ਦੋਸ਼ ਲਾ ਕੇ ਸਰਕਾਰ ਨੂੰ ਬਦਨਾਮ ਕਰ ਰਹੇ ਹਨ। ਉਧਰ, ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਤੇ ਨਾ ਹੀ ਸ਼ਾਮ ਤੱਕ ਕਿਸੇ ਅਕਾਲੀ ਉਮੀਦਵਾਰ ਵੱਲੋਂ ਕੋਈ ਸ਼ਿਕਾਇਤ ਦਿੱਤੀ ਗਈ ਹੈ। ਉਹ ਮਾਮਲੇ ਬਾਰੇ ਪਤਾ ਕਰਕੇ ਪੜਤਾਲ ਕਰਵਾਉਣਗੇ। ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਮੌਲੀ ਬੈਦਵਾਨ ਦੁਬਾਰਾ ਹੋਈ ਗਿਣਤੀ ’ਚ ਬਲਾਕ ਸਮਿਤੀ ਦੀ ਚੋਣ 453 ਵੋਟਾਂ ਨਾਲ ਜਿੱਤ ਗਏ ਹਨ।