ਇਮਰਾਨ ਨੇ ਭਾਰਤ ਦੇ ਇਨਕਾਰ ਨੂੰ ‘ਹੰਕਾਰ’ ਦੱਸਿਆ

ਭਾਰਤ ਵੱਲੋਂ ਨਿਊਯਾਰਕ ’ਚ ਵਿਦੇਸ਼ ਮੰਤਰੀ ਪੱਧਰ ਦੀ ਬੈਠਕ ਰੱਦ ਕਰਨ ਦੇ ਫ਼ੈਸਲੇ ਨੂੰ ‘ਹੰਕਾਰ’ ਦੱਸਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ ਨਵੀਂ ਦਿੱਲੀ ਦੇ ਨਾਂਹ-ਪੱਖੀ ਹੁੰਗਾਰੇ ਤੋਂ ਨਿਰਾਸ਼ ਹਨ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਾਂਤੀ ਵਾਰਤਾ ਸ਼ੁਰੂ ਕਰਨ ਦੇ ਸੱਦੇ ਦਾ ਭਾਰਤ ਵੱਲੋਂ ਅਪਣਾਏ ਹੰਕਾਰੀ ਅਤੇ ਨਾਂਹ-ਪੱਖੀ ਰਵੱਈਏ ਤੋਂ ਉਹ ਨਿਰਾਸ਼ ਹਨ। ਉਨ੍ਹਾਂ ਕਿਹਾ,‘‘ਮੈਂ ਆਪਣੇ ਜੀਵਨ ’ਚ ਅਜਿਹੇ ਛੋਟੇ ਬੰਦਿਆਂ ਨੂੰ ਵੱਡੇ ਅਹੁਦੇ ਸਾਂਭਦੇ ਦੇਖਿਆ ਹੈ ਜਿਨ੍ਹਾਂ ਕੋਲ ਵੱਡਾ ਨਜ਼ਰੀਆ ਨਹੀਂ ਹੁੰਦਾ।’’ ਇਸ ਦੌਰਾਨ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਕਿਹਾ ਕਿ ਬੀਐਸਐਫ ਜਵਾਨ ਦੀ ਹੱਤਿਆ ਭਾਰਤ ਵੱਲੋਂ ਦੁਵੱਲੀ ਬੈਠਕ ਕਰਨ ਦੇ ਐਲਾਨ ਤੋਂ ਦੋ ਦਿਨ ਪਹਿਲਾਂ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਰੇਂਜਰਾਂ ਰਾਹੀਂ ਬੀਐਸਐਫ ਨੂੰ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਮੁਲਕ (ਪਾਕਿਸਤਾਨ) ਦਾ ਜਵਾਨ ਦੀ ਹੱਤਿਆ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ ਅਤੇ ਉਹ ਸਚਾਈ ਲਈ ਸਾਂਝੀ ਜਾਂਚ ਕਰਵਾਉਣ ਨੂੰ ਤਿਆਰ ਹਨ। ਦਹਿਸ਼ਤਗਰਦ ਬੁਰਹਾਨ ਵਾਨੀ ਨੂੰ ਵਡਿਆਉਣ ਵਾਲੀ ਡਾਕ ਟਿਕਟ ਜਾਰੀ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਹ ਤਾਂ 25 ਜੁਲਾਈ ਨੂੰ ਹੋਈਆਂ ਚੋਣਾਂ ਅਤੇ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸਾਂਭਣ ਤੋਂ ਪਹਿਲਾਂ ਦਾ ਮਾਮਲਾ ਹੈ। ਉਸ ਨੇ ਕਿਹਾ ਕਿ ਭਾਰਤ ਨੇ ਦੁਵੱਲੇ ਰਿਸ਼ਤਿਆਂ ’ਚ ਸੁਧਾਰ ਅਤੇ ਖ਼ਿੱਤੇ ਨੂੰ ਸ਼ਾਂਤੀ ਤੇ ਵਿਕਾਸ ਦੇ ਰਾਹ ’ਤੇ ਪਾਉਣ ਲਈ ਸੰਜੀਦਾ ਕੋਸ਼ਿਸ਼ਾਂ ਦਾ ਮੌਕਾ ਗੁਆ ਲਿਆ ਹੈ।

Previous articleਕਾਂਗਰਸ ਦੀ 10 ਸਾਲਾਂ ਬਾਅਦ ਝੰਡੀ
Next articleਅਕਾਲੀ ਵਰਕਰਾਂ ਨੇ ਲਾਂਡਰਾਂ-ਖਰੜ ਸੜਕ ’ਤੇ ਆਵਾਜਾਈ ਰੋਕੀ