ਆਮ ਆਦਮੀ ਪਾਰਟੀ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ਲਈ ਦੋ ਪੜਾਵੀ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ਆਰੰਭੀ ਗਈ ਹੈ ਜਿਸ ਵਿੱਚ ਕਰੀਬ ਤਿੰਨ ਲੱਖ ਪਾਰਟੀ ਕਾਰਕੁਨਾਂ ਦੀ ਫ਼ੌਜ ਦਿੱਲੀ ਦੇ ਵੋਟਰਾਂ ਤਕ ਪਹੁੰਚ ਕਰੇਗੀ। ‘ਆਪ’ ਦੀ ਦਿੱਲੀ ਇਕਾਈ ਦੇ ਕਨਵੀਨਰ ਤੇ ਕਿਰਤ ਮੰਤਰੀ ਗੋਪਾਲ ਰਾਇ ਨੇ ਦੱਸਿਆ ਕਿ ਪਾਰਟੀ ਵੱਲੋਂ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਬਣਾਉਣ ਦੀ ਮੁਹਿੰਮ ਨਵੰਬਰ ਤੇ ਦਸੰਬਰ ਦੌਰਾਨ ਚਲਾਈ ਜਾਵੇਗੀ। ਦੂਜੀ ਮੁਹਿੰਮ ਮਾਰਚ-ਅਪਰੈਲ 2019 ਦੌਰਾਨ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਐਨ ਪਹਿਲਾਂ ਦੂਜੇ ਪੜਾਅ ਦੌਰਾਨ ਦਿੱਲੀ ਦੇ ਸਾਰੇ 7 ਲੋਕ ਸਭਾ ਹਲਕਿਆਂ ਵਿੱਚ ਪਾਰਟੀ ਦੇ ਕੰਮਾਂ ਦਾ ਉਚੇਚਾ ਜ਼ਿਕਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਚੋਣਾਂ ਪਹਿਲਾਂ ਐਲਾਨੀਆਂ ਜਾਂਦੀਆਂ ਹਨ ਤਾਂ ਦੂਜਾ ਪੜਾਅ ਜਨਵਰੀ-ਫਰਵਰੀ 2019 ਨੂੰ ਸ਼ੁਰੂ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਨੂੰ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਦਿੱਲੀ ਤੋਂ ਇਕ ਵੀ ਸੀਟ ਨਹੀਂ ਮਿਲੀ ਸੀ ਪਰ ਦਿੱਲੀ ਵਿਧਾਨ ਸਭਾ ਚੋਣਾਂ 2015 ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਕੁੱਲ 70 ਸੀਟਾਂ ਵਿੱਚੋਂ ਕਾਂਗਰਸ ਨੂੰ ‘ਸਿਫ਼ਰ’ ਵੱਲ ਧੱਕ ਦਿੱਤਾ ਸੀ ਤੇ ਭਾਜਪਾ ਨੂੰ ਤਿੰਨ ਸੀਟਾਂ ਹੀ ਨਸੀਬ ਹੋਈਆਂ ਸਨ। ‘ਆਪ’ ਵੱਲੋਂ ਦਿੱਲੀ ਦੇ 5 ਲੋਕ ਸਭਾ ਹਲਕਿਆਂ ਵਿੱਚੋਂ 5 ਇੰਚਾਰਜਾਂ ਦੇ ਨਾਂ ਐਲਾਨੇ ਜਾ ਚੁੱਕੇ ਹਨ ਜਿਨ੍ਹਾਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਬਾਅਦ ਵਿੱਚ ਲੋਕ ਸਭਾ ਉਮੀਦਵਾਰ ਹੋ ਸਕਦੇ ਹਨ ਜਿਸ ਕਰਕੇ ਇੰਚਾਰਜਾਂ ਵੱਲੋਂ ਕਾਰਕੁਨਾਂ ਨਾਲ ਰਾਬਤਾ ਬਣਾਇਆ ਜਾ ਚੁੱਕਾ ਹੈ। ‘ਆਪ’ ਵੱਲੋਂ ਕੇਜਰੀਵਾਲ ਸਰਕਾਰ ਦੇ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਕੰਮਾਂ ਦੇ ਆਧਾਰ ’ਤੇ ਦਿੱਲੀ ਵਾਸੀਆਂ ਤੋਂ ਵੋਟਾਂ ਮੰਗੀਆਂ ਜਾਣਗੀਆਂ ਤੇ ਨਾਲ ਹੀ ਕੇਂਦਰ ਦੀ ਮੋਦੀ ਸਰਕਾਰ ਦੀ ਭੰਡੀ ਵੀ ਕੀਤੀ ਜਾਵੇਗੀ। ਮੋਦੀ ਸਰਕਾਰ ਵੱਲੋਂ ਵਾਅਦੇ ਨਾ ਨਿਭਾਉਣ ਤੇ ਝੂਠਾ ਪ੍ਰਚਾਰ ਕਰਨ ਦਾ ਮੁੱਦਾ ਵੀ ਪਾਰਟੀ ਉਠਾ ਸਕਦੀ ਹੈ। ਸ੍ਰੀ ਰਾਇ ਮੁਤਾਬਕ ਢਾਈ ਲੱਖ ਬਲਾਕ ਪ੍ਰਮੁੱਖ ਕਰੀਬ 25 ਹਜ਼ਾਰ ਬੂਥਾਂ ਉਪਰ ਨਵੰਬਰ ਵਿੱਚ ਲਾਏ ਜਾਣਗੇ ਜੋ ਪ੍ਰਤੀ ਬਲਾਕ ਪ੍ਰਮੁੱਖ ਵਜੋਂ 25-25 ਘਰਾਂ ਵਿੱਚ ਜਾਵੇਗਾ। ਉਨ੍ਹਾਂ ਦੇ ਕੰਮ ਉਪਰ 272 ਵਾਰਡ ਅਬਜ਼ਰਵਰ ਨਜ਼ਰ ਰੱਖਣਗੇ। ਪਾਰਟੀ ਮੁਤਾਬਕ ਵਾਰਡ ਤੇ ਬਲਾਕ ਪ੍ਰਮੁੱਖਾਂ ਦਰਮਿਆਨ ਬਿਹਤਰ ਤਾਲਮੇਲ ਬਣਾ ਕੇ ਕਾਰਜ ਕੀਤਾ ਜਾਵੇਗਾ। ਪਾਰਟੀ ਸੂਤਰ ਲੋਕ ਸਭਾ ਚੋਣਾਂ ਤੇ ਦਿੱਲੀ ਨਗਰ ਨਿਗਮਾਂ ਦੀਆਂ ਚੋਣਾਂ ਦੀ ਹਾਰ ਦੌਰਾਨ ਕੀਤੀਆਂ ਗ਼ਲਤੀਆਂ ਤੋਂ ਵੀ ਸਿੱਖੀ ਹੈ ਤੇ ਉਨ੍ਹਾਂ ਨੂੰ ਮੁੜ ਨਹੀਂ ਦੁਹਰਾਇਆਾ ਜਾਵੇਗਾ।