ਆਸਟਰੇਲੀਆ ’ਚ ਆਵਾਸ ਸਬੰਧੀ ਨਵੀਂ ਨੀਤੀ ’ਤੇ ਕੰਮ ਕਰ ਰਹੀ ਹੈ ਸਰਕਾਰ: ਮੌਰੀਸਨ

ਆਸਟਰੇਲੀਆ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਵਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਸਰਕਾਰ ਨਵੀਂ ਨੀਤੀ ’ਤੇ ਕੰਮ ਕਰ ਰਹੀ ਹੈ। ਹੁਣ ਸਖਤ ਨਿਯਮਾਂ ਨਾਲ ਦੇਸ਼ ਦੇ ਹੋਰ ਹਿੱਸੇ ਲਈ ਇੱਕ ਵੱਖਰੀ ਆਵਾਸ ਨੀਤੀ ਦੀ ਵਰਤੋਂ ਕਰਨੀ ਹੋਵੇਗੀ। ਸਿਡਨੀ ਅਤੇ ਮੈਲਬਰਨ ਤੋਂ ਬਾਅਦ ਹੁਣ ਹੋਰ ਸ਼ਹਿਰਾਂ ਲਈ ਸਖ਼ਤ ਆਵਾਸ ਨੀਤੀ ਲਈ ਕੰਮ ਕਰਨਾ ਹੋਵੇਗਾ।
ਫੇਅਰਫੈਕਸ ਮੀਡੀਆ ਨਾਲ ਇੰਟਰਵਿਊ ਦੌਰਾਨ ਸ੍ਰੀ ਮੌਰੀਸਨ ਨੇ ਕਿਹਾ ਕਿ ਸਖਤ ਨਿਯਮਾਂ ਨਾਲ ਹੀ ਸ਼ਹਿਰਾਂ ਵਿੱਚੋਂ ਅਬਾਦੀ ਦੇ ਦਬਾਅ ਨੂੰ ਘਟਾਇਆ ਜਾ ਸਕਦਾ ਹੈ। ਅਜਿਹੇ ਖੇਤਰਾਂ ਵਿੱਚ ਕੁਝ ਅਸਥਾਈ ਪਰਵਾਸੀਆਂ ਦਾ ਦਾਖਲਾ ਕਰਨਾ ਹੋਵੇਗਾ ਜਿੱਥੇ ਕਾਮਿਆਂ ਦੀ ਲੋੜ ਹੈ। ਫੈਡਰਲ ਸਰਕਾਰ ਮੁਲਕ ’ਚ ਜਿੱਥੇ ਵਿਕਾਸ ਦੀ ਜ਼ਰੂਰਤ ਹੈ ਅਤੇ ਟਰੇਡ ਦੀ ਘਾਟ ਹੈ, ਲਈ ਅਜਿਹੇ ਕਦਮ ਚੁੱਕੇ ਜਾਣ ਬਾਰੇ ਵਿਚਾਰ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਵਿਚਾਰ ਇਹ ਵੀ ਹੈ ਕਿ ਛੋਟੇ ਸ਼ਹਿਰਾਂ ਜਾਂ ਖੇਤਰੀ ਖੇਤਰਾਂ ’ਚ ਜਾਣ ਵਾਲੇ ਅਸਥਾਈ ਕਰਮਚਾਰੀਆਂ ਨੂੰ ਫਾਸਟ-ਟਰੈਕ ਕਰਨ ਲਈ ਇਕ ਅੰਕ ਸਿਸਟਮ ਦੀ ਵਰਤੋਂ ਹੋਵੇ। ਜੋ ਵੱਡੇ ਸ਼ਹਿਰਾਂ ਦੇ ਖੇਤਰਾਂ ’ਚ ਦਾਖਲੇ ਨੂੰ ਘਟਾਉਂਦੀ ਹੋਵੇ। ਆਸਟਰੇਲੀਆ ਦੀ ਕੁੱਲ ਅਬਾਦੀ ਦੇ ਵਾਧੇ ’ਚੋਂ ਅੱਧੇ ਤੋਂ ਜ਼ਿਆਦਾ ਸਿਡਨੀ ਤੇ ਮੇਲਬੋਰਨ ਵਿੱਚ ਹੈ। ਜੂਨ 2017 ਵਿੱਚ ਸਿਡਨੀ ਦੀ ਅਬਾਦੀ ਵਿੱਚ 102000 ਦਾ ਵਾਧਾ ਹੋਇਆ ਸੀ। ਇਨ੍ਹਾਂ ’ਚ ਪਰਵਾਸੀਆਂ ਦਾ ਯੋਗਦਾਨ 85000 ਸੀ। ਮੈਲਬਰਨ ਵਿੱਚ ਵੀ 125000 ਨਾਲ ਵਾਧਾ ਹੋਇਆ ਹੈ ਜਿਨ੍ਹਾਂ ’ਚ 80000 ਪਰਵਾਸੀ ਸਨ। ਇਹ ਪੁੱਛੇ ਜਾਣ ’ਤੇ ਕਿ ਆਸਟਰੇਲੀਆ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਸਬੰਧੀ ਵੀ ਕੋਈ ਮੁੱਦਾ ਹੈ, ਤਾਂ ਸ੍ਰੀ ਮੌਰੀਸਨ ਨੇ ਕਿਹਾ ਕਿ ਕੁਝ ਖੇਤਰਾਂ ਵਿੱਚ ਇਸ ਬਾਰੇ ਵੀ ਕੰਮ ਹੋ ਸਕਦਾ ਹੈ।

Previous articleਸੇਰੇਨਾ ਨੂੰ ਹਰਾ ਕੇ ਓਸਾਕਾ ਬਣੀ ਯੂਐਸ ਓਪਨ ਚੈਂਪੀਅਨ
Next article‘ਆਪ’ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਆਰੰਭ