ਸੀਬੀਆਈ ਨੇ ਅੱਜ ਸੁਪਰੀਮ ਕੋਰਟ ਵਿੱਚ ਕਿਹਾ ਕਿ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ 1984 ਵਿੱਚ ਦਿੱਲੀ ’ਚ ਹੋਏ ਸਿੱਖ ਕਤਲੇਆਮ ਦਾ ਸਰਗਨਾ ਸੀ। ਇਹ ਸ਼ਬਦ ਜਾਂਚ ਏਜੰਸੀ ਵੱਲੋਂ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਆਖੇ ਗਏ। ਸੱਜਣ ਕੁਮਾਰ ਨੇ ਪਿਛਲੇ ਸਾਲ 17 ਦਸੰਬਰ ਨੂੰ ਦਿੱਲੀ ਹਾਈ ਕੋਰਟ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਸੁਣਾਈ ਗਏ ਉਮਰ ਕੈਦ ਦੀ ਸਜ਼ਾ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਜੇਲ੍ਹ ਵਿੱਚ ਬੰਦ 73 ਸਾਲਾ ਸੱਜਣ ਕੁਮਾਰ ਨੇ ਜ਼ਮਾਨਤ ਅਰਜ਼ੀ ਵੀ ਅਦਾਲਤ ’ਚ ਦਾਖ਼ਲ ਕੀਤੀ ਹੈ। ਇਹ ਜ਼ਮਾਨਤ ਅਰਜ਼ੀ ਅੱਜ ਜਸਟਿਸ ਐੱਸਏ ਬੋਬੜੇ ਅਤੇ ਐੱਸਏ ਨਜ਼ੀਰ ਦੇ ਬੈਂਚ ਕੋਲ ਸੁਣਵਾਈ ਲਈ ਆਈ। ਸੀਬੀਆਈ ਵੱਲੋਂ ਪੇਸ਼ ਹੋਏ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਸੱਜਣ ਕੁਮਾਰ ਨੂੰ ਜ਼ਮਾਨਤ ਦੇਣਾ ਨਿਆਂ ਦਾ ਮਜ਼ਾਕ ਉਡਾਉਣਾ ਹੋਵੇਗਾ, ਕਿਉਂਕਿ ਉਸ ਖ਼ਿਲਾਫ਼ ਪਟਿਆਲਾ ਹਾਊਸ ਅਦਾਲਤ ’ਚ ’84 ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਇਕ ਹੋਰ ਕੇਸ ਸੁਣਵਾਈ ਅਧੀਨ ਹੈ।
INDIA ’84 ਦੇ ਸਿੱਖ ਵਿਰੋਧੀ ਦੰਗਿਆਂ ਦਾ ਸਰਗਨਾ ਸੀ ਸੱਜਣ ਕੁਮਾਰ: ਸੀਬੀਆਈ