ਕਿੰਗਜ਼ ਇਲੈਵਨ ਪੰਜਾਬ ਨੇ ਹੈਦਰਾਬਾਦ ਦਾ ਸੂਰਜ ਡੋਬਿਆ

ਮੇਜ਼ਬਾਨ ਕਿੰਗਜ਼ ਇਲੈਵਨ ਪੰਜਾਬ ਨੇ ਆਈਪੀਐਲ ਦੇ ਇਕ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 6 ਵਿਕਟਾਂ ਦੀ ਸ਼ਿਕਸਤ ਦਿੱਤੀ। ਪੰਜਾਬ ਦੀ ਟੀਮ ਨੇ ਹੈਦਰਾਬਾਦ ਵੱਲੋਂ ਜਿੱਤ ਲਈ ਦਿੱਤੇ 151 ਦੌੜਾਂ ਦੇ ਟੀਚੇ ਨੂੰ 19.5 ਓਵਰਾਂ ਵਿੱਚ ਪੂਰਾ ਕੀਤਾ। ਪੰਜਾਬ ਲਈ ਕੇ.ਐਲ.ਰਾਹੁਲ ਨੇ 71 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ਵਿੱਚ ਸੱਤ ਚੌਕੇ ਤੇ ਇਕ ਛੱਕਾ ਸ਼ਾਮਲ ਹਨ। ਮਯੰਕ ਅਗਰਵਾਲ ਨੇ 55 ਦੌੜਾਂ ਨਾਲ ਰਾਹੁਲ ਦਾ ਚੰਗਾ ਸਾਥ ਦਿੱਤਾ। ਕ੍ਰਿਸ ਗੇਲ ਤੇ ਡੇਵਿਡ ਮਿੱਲਰ ਨੇ ਕ੍ਰਮਵਾਰ 16 ਤੇ ਇਕ ਦੌੜ ਦਾ ਯੋਗਦਾਨ ਪਾਇਆ। ਇਸ ਜਿੱਤ ਨਾਲ ਪੰਜਾਬ ਦੀ ਟੀਮ 6 ਮੈਚਾਂ ਵਿੱਚ 4 ਜਿੱਤਾਂ ਨਾਲ ਅੰਕ ਸੂਚੀ ਵਿੱਚ ਕੇਕੇਆਰ ਤੇ ਸੀਐਸਕੇ ਮਗਰੋਂ ਤੀਜੇ ਸਥਾਨ ’ਤੇ ਪੁੱਜ ਗਈ ਹੈ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਨੀਮ ਸੈਂਕੜੇ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਧੀਮੀ ਸ਼ੁਰੂਆਤ ਤੋਂ ਉਭਰਦੇ ਹੋਏ ਚਾਰ ਵਿਕਟਾਂ ’ਤੇ 150 ਦੌੜਾਂ ਬਣਾਈਆਂ। ਵਾਰਨਰ ਨੇ 62 ਗੇਂਦਾਂ ’ਚ ਛੇ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਨਾਬਾਦ 70 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਵਿਜੈ ਸ਼ੰਕਰ (26) ਦੇ ਨਾਲ ਚੌਥੇ ਵਿਕਟ ਲਈ 55 ਦੌੜਾਂ ਦੀ ਭਾਈਵਾਲੀ ਕੀਤੀ। ਸਨਰਾਈਜ਼ਰਜ਼ ਦੀ ਟੀਮ 10 ਓਵਰਾਂ ਮਗਰੋਂ ਇਕ ਵਿਕਟ ’ਤੇ 50 ਦੌੜਾਂ ਬਣਾ ਕੇ ਜੂਝ ਰਹੀ ਸੀ ਪਰ ਵਾਰਨਰ ਉਸ ਨੂੰ ਵਧੀਆ ਸਕੋਰ ਤੱਕ ਪਹੁੰਚਾਉਣ ਵਿੱਚ ਸਫ਼ਲ ਰਿਹਾ। ਟੀਮ ਨੇ ਆਖ਼ਰੀ ਦਸ ਓਵਰਾਂ ’ਚ 100 ਦੌੜਾਂ ਬਣਾਈਆਂ। ਕਿੰਗਜ਼ ਇਲੈਵਨ ਪੰਜਾਬ ਦੀ ਕਪਤਾਨ ਰਵੀਚੰਦਰਨ ਅਸ਼ਵਿਨ ਨੇ ਟਾਸ ਜਿੱਤ ਕੇ ਸਨਰਾਈਜ਼ਰਜ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਜਿਸ ਤੋਂ ਬਾਅਦ ਮੇਜ਼ਬਾਨ ਟੀਮ ਨੂੰ ਗੇਂਦਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਦਿਵਾਈ। 

Previous articleਪ੍ਰਨੀਤ ਦੀ ਅਗਵਾਈ ਹੇਠ ਗੈਂਗਸਟਰ ਦੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਵਿਵਾਦ
Next article’84 ਦੇ ਸਿੱਖ ਵਿਰੋਧੀ ਦੰਗਿਆਂ ਦਾ ਸਰਗਨਾ ਸੀ ਸੱਜਣ ਕੁਮਾਰ: ਸੀਬੀਆਈ