ਰੇਲ ਕੋਚ ਫੈਕਟਰੀ ਵਿਖੇ 82ਵੀਂ ਆਲ ਇੰਡੀਆ ਰੇਲਵੇ ਪੁਰਸ਼ ਚੈਂਪੀਅਨਸ਼ਿਪ ਸਮਾਪਤ

ਦੱਖਣੀ ਕੇਂਦਰੀ ਰੇਲਵੇ ਸਿਕੰਦਰਾਬਾਦ ਨੇ ਉੱਤਰੀ ਰੇਲਵੇ ਨਵੀਂ ਦਿੱਲੀ ਨੂੰ ਹਰਾ ਕੇ ਚੈਂਪੀਅਨਸ਼ਿਪ ਜੇਤੂ ਦਾ ਖਿਤਾਬ ਜਿੱਤਿਆ
 ਕਪੂਰਥਲਾ (ਸਮਾਜ ਵੀਕਲੀ) (ਕੌੜਾ )– ਰੇਲ ਕੋਚ ਫੈਕਟਰੀ ਕਪੂਰਥਲਾ ਦੇ ਸਿੰਥੈਟਿਕ ਟਰਫ ਹਾਕੀ ਸਟੇਡੀਅਮ ਵਿਖੇ ਖੇਡੀ ਜਾ ਰਹੀ 82ਵੀਂ ਆਲ ਇੰਡੀਆ ਰੇਲਵੇ ਪੁਰਸ਼ ਹਾਕੀ ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਈ, ਜਿਸ ਵਿੱਚ ਦੱਖਣੀ ਕੇਂਦਰੀ ਰੇਲਵੇ ਸਿਕੰਦਰਾਬਾਦ ਨੇ ਉੱਤਰੀ ਰੇਲਵੇ ਨਵੀਂ ਦਿੱਲੀ ਨੂੰ 2-0 ਨਾਲ ਹਰਾ ਕੇ ਚੈਂਪੀਅਨਸ਼ਿਪ ਜੇਤੂ ਦਾ ਖਿਤਾਬ ਜਿੱਤਿਆ। ਦੱਖਣੀ ਪੂਰਬੀ ਰੇਲਵੇ ਕੋਲਕਾਤਾ ਨੇ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਪੱਛਮੀ ਰੇਲਵੇ ਮੁੰਬਈ ਨੂੰ ਚੌਥਾ ਸਥਾਨ ਹਾਸਲ  ਹੋਇਆ। ਇਹ ਚੈਂਪੀਅਨਸ਼ਿਪ ਨਾਕਆਊਟ ਆਧਾਰ ‘ਤੇ ਖੇਡੀ ਗਈ ਸੀ ਅਤੇ ਇਸ ਵਿੱਚ ਭਾਰਤੀ ਰੇਲਵੇ ਦੀਆਂ ਅੱਠ ਟੀਮਾਂ ਨੇ ਹਿੱਸਾ ਲਿਆ ਸੀ।
ਅੱਜ ਦੇ ਫਾਈਨਲ ਮੈਚ ਵਿੱਚ ਬਹੁਤ ਤੇਜ਼ ਰਫ਼ਤਾਰ ਹਾਕੀ ਖੇਡ ਦੇਖਣ ਨੂੰ ਮਿਲੀ। ਪਹਿਲੇ ਦੋ ਕੁਆਰਟਰਾਂ ਵਿੱਚ, ਦੋਵਾਂ ਟੀਮਾਂ ਨੇ ਵਿਰੋਧੀ ਡੀ ‘ਤੇ ਕਾਫ਼ੀ ਹਮਲੇ ਕੀਤੇ ਪਰ ਗੋਲ ਕਰਨ ਵਿੱਚ ਸਫਲ ਨਹੀਂ ਹੋ ਸਕੀਆਂ। ਤੀਜੇ ਕੁਆਰਟਰ ਦੇ 37ਵੇਂ ਮਿੰਟ ਵਿੱਚ, ਸਿਕੰਦਰਾਬਾਦ ਟੀਮ ਦੇ ਸਈਅਦ ਨਿਆਜ਼ ਰਹੀਮ ਨੇ ਫੀਲਡ ਗੋਲ ਨਾਲ ਪਹਿਲਾ ਗੋਲ ਕੀਤਾ। ਚੌਥੇ ਕੁਆਰਟਰ ਦੇ 46ਵੇਂ ਮਿੰਟ ਵਿੱਚ, ਰਾਜੂ ਪਾਲ ਨੇ ਫੀਲਡ ਗੋਲ ਰਾਹੀਂ ਇੱਕ ਹੋਰ ਗੋਲ ਕਰਕੇ ਟੀਮ ਨੂੰ 2-0 ਦੀ ਜੇਤੂ ਬੜ੍ਹਤ ਦਿਵਾਈ ਜੋ ਕਿ ਫੈਸਲਾਕੁੰਨ ਸਾਬਤ ਹੋਈ।
ਮੈਚ ਤੋਂ ਬਾਅਦ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ ਜਿਸਦੀ ਪ੍ਰਧਾਨਗੀ ਆਰ ਸੀ ਐਫ ਦੇ ਜਨਰਲ ਮੈਨੇਜਰ ਸ਼੍ਰੀ ਐਸ.ਐਸ. ਮਿਸ਼ਰ ਨੇ ਕੀਤੀ। ਇਸ ਮੌਕੇ ਆਰ ਸੀ ਐਫ ਮਹਿਲਾ ਕਲਿਆਣ  ਸੰਗਠਨ ਦੀ ਪ੍ਰਧਾਨ ਸ਼੍ਰੀਮਤੀ ਮਧੂਮਿਤਾ ਮਿਸ਼ਰ , ਆਰ ਸੀ ਐਫ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਕੇ.ਐਸ. ਅਸਲਾ, ਜਨਰਲ ਸਕੱਤਰ ਸ਼੍ਰੀ ਨਿਤਿਨ ਯਾਦਵ ਅਤੇ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰ, ਆਰ ਸੀ ਐਫ ਦੇ ਸੀਨੀਅਰ ਅਧਿਕਾਰੀ, ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਨਵੀਂ ਦਿੱਲੀ ਦੇ ਅਧਿਕਾਰੀ, ਆਰ ਸੀ ਐਫ ਸਪੋਰਟਸ ਅਫਸਰ ਓਲੰਪੀਅਨ ਨਵਜੋਤ ਕੌਰ, ਓਲੰਪੀਅਨ ਰੀਨਾ ਖੋਖਰ, ਆਰ ਸੀ ਐਫ ਸਪੋਰਟਸ ਵਿਭਾਗ ਦੇ ਸਪੋਰਟਸ ਵੈਲਫੇਅਰ ਇੰਸਪੈਕਟਰ ਵਿਕਰਮਜੀਤ ਸਿੰਘ ਕਾਹਲੋਂ, ਜਗਮੋਹਨ ਸਿੰਘ, ਸੁਖਜੀਤ ਕੌਰ, ਸੰਜੇ ਬੀਰ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੁਸ਼ਮਾ ਗਰੁੱਪ ਨੇ ਲਾਂਚ ਕੀਤਾ ਨਵਾਂ ਪ੍ਰੋਜੈਕਟ ‘ਸੁਸ਼ਮਾ ਬੈਲਵੇਡੀਅਰ’
Next articleਅਸਲ ਗੀਤਕਾਰ ਮੇਲਿਆਂ ਦੇ ਮੁਥਾਜ ਨਹੀਂ