5 ਜੀ ਇੰਟਰਨੈੱਟ ਦੀਆਂ ਤਰੰਗਾਂ ਦਾ ਕੋਰੋਨਾ ਨਾਲ ਕੋਈ ਮੇਲ ਹੈ ?

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਜਕੜਿਆ ਹੋਇਆ ਹੈ ਜਿਸ ਵਿੱਚ ਭਾਰਤ ਦਾ ਨੰਬਰ ਮੋਹਰੀ ਹੈ।ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਚੀਨ ਤੋਂ ਹੋਈ ਕੀ ਬਿਮਾਰੀ ਹੈ,ਕਿਵੇਂ ਇਸ ਦਾ ਪ੍ਰਸਾਰ ਹੋ ਰਿਹਾ ਹੈ,ਡਬਲਿਊ ਐੱਚ ਓ ਆਏ ਦਿਨ ਕੋਈ ਨਾ ਕੋਈ ਨਵਾਂ ਰਾਗ ਅਲਾਪਦੀ ਰਹਿੰਦੀ ਹੈ।ਠੋਸ ਸੱਚ ਕੀ ਹੈ ਸਿਹਤ ਵਿਭਾਗ ਕਿਸੇ ਵੀ ਦੇਸ਼ ਦਾ ਆਪਣੀ ਜਨਤਾ ਨੂੰ ਸਹੀ ਰਾਹ ਹੁਣ ਤਕ ਨਹੀਂ ਦੱਸ ਸਕਿਆ।ਭਾਰਤ ਦਾ ਸਰਕਾਰੀ ਤੇ ਗੋਦੀ ਮੀਡੀਆ ਭਾਰਤ ਸਰਕਾਰ ਦਾ ਆਪਣਾ ਪ੍ਰਸਾਰ ਭਾਰਤੀ ਤੇ ਗੋਦੀ ਮੀਡੀਆ ਸਰਕਾਰ ਦੀ ਮਰਜ਼ੀ ਅਨੁਸਾਰ ਸਰਕਾਰ ਵੱਲੋਂ ਜੋ ਵੀ ਪ੍ਰਵਚਨ ਮਿਲ ਜਾਂਦਾ ਹੈ ਉਸ ਨੂੰ ਪ੍ਰਸਾਰਤ ਕਰ ਦਿੰਦੇ ਹਨ।ਇਹ ਦੋਨੋਂ ਮੀਡੀਆ ਜਨਤਾ ਲਈ ਤਾਂ ਕਰੋਨਾ ਤੋਂ ਵੀ ਭੈੜੇ ਹਨ ਪਰ ਕੀ ਜ਼ੋਰ ਗ਼ਰੀਬਾਂ ਦਾ,ਜਨਤਾ ਨੂੰ ਉੱਲੂ ਸਮਝ ਕੇ ਫੱਟੇ ਚੱਕੀ ਜਾ ਰਹੇ ਹਨ।

ਜਨਤਾ ਨੂੰ ਸਹਾਰਾ ਤੇ ਸਹੀ ਸੇਧ ਦੇਣ ਲਈ ਫਿਲਹਾਲ ਸੋਸਲ ਮੀਡੀਆ ਸਭ ਤੋਂ ਮੋਢੀ ਹੈ।ਕੁਝ ਕੁ ਯੂ ਟਿਊਬ ਚੈਨਲ ਬਹੁਤ ਸੋਹਣਾ ਕੰਮ ਕਰ ਰਹੇ ਹਨ ਪਰ ਸਾਡੀ ਆਮ ਜਨਤਾ ਨੂੰ ਪ੍ਰਚਾਰ ਲਈ ਕੋਈ ਖੁੱਲ੍ਹਾ ਰਸਤਾ ਮਿਲ ਜਾਵੇ ਸਾਨੂੰ ਪਤਾ ਹੀ ਹੈ ਅਸੀਂ ਜਾਇਜ਼ ਵਰਤੋਂ ਘੱਟ ਤੇ ਨਾਜਾਇਜ਼ ਜ਼ਿਆਦਾ ਕਰਨ ਦਾ ਮਾਣ ਰੱਖਦੇ ਹਾਂ ਇਸ ਵਿਚ ਭੋਰਾ ਵੀ ਝੂਠ ਨਹੀਂ। ਇੰਟਰਨੈੱਟ ਦੇ ਵੱਖ ਵੱਖ ਰੂਪ ਜੋ ਵ੍ਹੱਟਸਐਪ ਫੇਸਬੁੱਕ ਯੂ ਟਿਊਬ ਤੇ ਇੰਸਟਾਗ੍ਰਾਮ ਅਨੇਕਾਂ ਹਨ ਜਿਨ੍ਹਾਂ ਨੂੰ ਜਨਤਾ ਆਪਣੀ ਜੇਬ ਅਤੇ ਮੰਗ ਅਨੁਸਾਰ ਦੇਖ ਕੇ ਵਰਤੋਂ ਕਰ ਰਹੀ ਹੈ।ਇੰਟਰਨੈੱਟ ਰੇਡੀਓ ਤਰੰਗਾਂ ਜਿਸ ਨੂੰ 1G ਤੋਂ ਲੈ ਕੇ 5G ਜੈਨਰੇਸ਼ਨ (ਪੀੜ੍ਹੀਆਂ) ਤੱਕ ਸਾਡੇ ਤਕ ਪਹੁੰਚ ਕਰਨ ਲਈ ਉਪਲੱਬਧ ਹੈ।

5G ਇੰਟਰਨੈੱਟ ਦੀ ਖ਼ਾਸ ਤੇਜ਼ ਨੀਤੀ ਭਾਰਤ ਵਿੱਚ ਹਾਲਾਂ ਤਕ ਲਾਗੂ ਨਹੀਂ ਕੀਤੀ ਗਈ,ਜੋ ਕਿ ਬਹੁਤ ਤੇਜ਼ ਤੇ ਤੁਰੰਤ ਸਾਡੇ ਸੁਨੇਹੇ ਲਿਜਾਣ ਤੇ ਲੈ ਕੇ ਆਉਣ ਵਿੱਚ ਬਹੁਤ ਉੱਚ ਦਰਜੇ ਦੀ ਹੈ।ਪਤਾ ਨੀ ਸਾਡੀਆਂ ਇੰਟਰਨੈੱਟ ਕੰਪਨੀਆਂ ਨੇ ਭਾਰਤ ਵਿਚ ਇਸ ਨੂੰ ਕਦੋਂ ਲਾਗੂ ਕਰਨਾ ਹੈ ਸਾਡੀ ਜਨਤਾ ਨੇ ਸੋਸ਼ਲ ਮੀਡੀਆ ਤੇ ਪਹਿਲਾਂ ਹੀ ਭੂਚਾਲ ਚੁੱਕ ਦਿੱਤਾ ਹੈ ਕਿ ਸਾਡੇ ਦੇਸ਼ ਵਿੱਚ ਕੋਰੋਨਾ ਕੋਈ ਨਹੀਂ 5G ਇੰਟਰਨੈੱਟ ਦੀ ਚੈਕਿੰਗ ਸਾਨੂੰ ਘਰ ਬੈਠਿਆਂ ਨੂੰ ਕਰੰਟ ਮਾਰ ਰਹੀ ਹੈ ਸਾਡੇ ਜਾਨਵਰ ਮਰ ਰਹੇ ਹਨ,ਸਾਡੇ ਤੇ ਸਿੱਧਾ ਹਮਲਾ ਕਰਕੇ ਮੌਤ ਦੇ ਭੱਠ ਵਿੱਚ ਝੋਂਕ ਰਹੀ ਹੈ।

ਕੋਈ ਪੁੱਛਣ ਵਾਲਾ ਹੋਵੇ ਇਕ ਦਹਾਕਾ ਪਹਿਲਾਂ ਜਦੋਂ ਤੁਹਾਡੇ ਹੱਥ ਵਿੱਚ ਸੈੱਲਫੋਨ ਜਿਸ ਨੂੰ ਤੁਸੀਂ ਮੋਬਾਈਲ ਫੋਨ ਕਹਿ ਕੇ ਸੰਬੋਧਨ ਕਰਦੇ ਹੋ,ਘੱਟ ਵਰਤੋਂ ਤੇ ਜ਼ਿਆਦਾ ਦਿਖਾਵੇ ਲਈ ਖਰੀਦੇ ਸਨ ਓਦੋਂ ਕਿਹੜੇ ਇੰਟਰਨੈੱਟ ਨਾਲ ਚਲਦੇ ਸੀ ? 1G ਤੋਂ ਲੈ ਕੇ ਦੁਨੀਆਂ ਵਿੱਚ 7G ਤੱਕ ਇੰਟਰਨੈੱਟ ਪਹੁੰਚ ਚੁੱਕੀ ਹੈ। ਪਰ ਸਾਡੇ ਹੱਥ ਵਿੱਚ ਹਰ ਸਮੇਂ ਵਰਤੋਂ ਦਾ ਯੰਤਰ ਮੌਜੂਦ ਹੈ,ਪਰ ਇਹ ਕਿਵੇਂ ਚੱਲਦਾ ਹੈ ਹੁਣ ਤਕ ਸਮਝ ਨਹੀਂ ਆਇਆ ਨਾ ਹੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਸਦਕੇ ਜਾਈਏ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਦੇ ਇੰਟਰਨੈੱਟ ਦੀ ਉਸੇ ਵੇਵ ਰਾਹੀਂ ਉਸ ਦੀ ਵਿਰੋਧਤਾ ਦਾ ਪ੍ਰਚਾਰ ਜ਼ੋਰ ਸ਼ੋਰ ਨਾਲ ਕਰ ਰਹੇ ਹਨ।

ਕੀ ਸਾਨੂੰ ਗਿਆਨ ਹੈ 5G ਸਾਡੇ ਗਵਾਂਢੀ ਮੁਲਕ ਜਾਪਾਨ ਵਿਚ ਸਾਲ 2019 ਇਹ ਚਾਲੂ ਹੈ,ਅਮਰੀਕਾ ਦੇ ਵੱਡੇ ਸ਼ਹਿਰਾਂ ਵਿੱਚ ਵੀ ਲੰਮੇ ਸਮੇਂ ਤੋਂ ਚਾਲੂ ਹੈ।ਮੈਂ ਮਰਚੈਂਟ ਨੇਵੀ ਵਿੱਚ ਨੌਕਰੀ ਕਰਦੇ ਹੋਏ 5G ਰੇਂਜ ਦਾ ਫੋਨ ਵਰਤਿਆ ਹੈ,ਮੈਨੂੰ ਨਾ ਹੀ ਕੋਈ ਕਰੰਟ ਲੱਗਿਆ ਨਾ ਹੀ ਕੋਈ ਬਿਮਾਰੀ ਤਹਾਨੂੰ ਆਪਣੀ ਤੁੱਛ ਬੁੱਧੀ ਵਿੱਚੋਂ ਸੁਝਾਅ ਦੇਣ ਲਈ ਇਹ ਕੁਝ ਲਿਖ ਰਿਹਾ ਹਾਂ।ਹਵਾ ਦੇ ਵਿਚ ਸੁਨੇਹਾ ਤੇ ਮਨੋਰੰਜਨ ਲਈ ਰੇਡੀਓ ਵੇਵਜ਼ ਪਹਿਲਾਂ ਮੀਡੀਅਮ ਵੇਵ ਦੇ ਰੂਪ ਵਿੱਚ ਚਾਲੂ ਹੋਈਆਂ ਸਨ,ਜੋ ਤਰੰਗਾਂ ਜਿੱਥੇ ਕੁ ਅਸਮਾਨ ਵਿੱਚ ਬੱਦਲ ਹੁੰਦੇ ਹਨ ਉਸ ਰਾਹ ਤੇ ਚੱਲਦੀਆਂ ਹਨ ਜੁਰਰਤ ਮੁਤਾਬਕ ਇਹ ਬਦਲਦੀਆਂ ਰਹੀਆਂ।

ਅੱਜਕੱਲ੍ਹ ਰੇਡੀਓ ਵਿੱਚ ਮੁੱਖ ਐੱਫ ਐੱਮ ਤਰੰਗਾਂ ਚੱਲਦੀਆਂ ਹਨ,ਇਹ ਤਕਰੀਬਨ ਸਾਡੇ ਹਰ ਇੱਕ ਦੇ ਸਰੀਰ ਨਾਲ ਖਹਿ ਕੇ ਲੰਘਦੀਆਂ ਹਨ ਕੀ ਇਸ ਨਾਲ ਕਿਸੇ ਨੂੰ ਕਰੰਟ ਲੱਗਿਆ ਜਾਂ ਨੁਕਸਾਨ ਹੋਇਆ ਹੈ।ਜ਼ਰੂਰਤ ਮੁਤਾਬਕ ਜੋ ਵੀ ਤਰੰਗਾਂ ਪੈਦਾ ਸਾਡੇ ਵਿਗਿਆਨ ਦੁਆਰਾ ਕੀਤੀਆਂ ਜਾਂਦੀਆਂ ਹਨ ਲੋੜ ਅਨੁਸਾਰ ਵਧਾਉਣੀਆਂ ਘਟਾਉਣੀਆਂ ਪੈਂਦੀਆਂ ਹਨ ਅਜਿਹਾ ਦੁਨੀਆ ਵਿਚ ਕਿਹੜਾ ਵਿਗਿਆਨੀ ਹੈ ਕਿ ਜੋ ਸਾਡੇ ਕਰੰਟ ਮਾਰਨ ਤੇ ਬਿਮਾਰੀਆਂ ਪੈਦਾ ਕਰਨ ਦਾ ਉਪਰਾਲਾ ਕਰੇਗਾ।

ਅੰਗਰੇਜ਼ਾਂ ਨੇ ਸਾਡੇ ਦੇਸ਼ ਵਿੱਚ ਰੇਲ ਗੱਡੀਆਂ ਚਾਲੂ ਕਰਨ ਦਾ ਪ੍ਰੋਗਰਾਮ ਉਲੀਕਿਆ ਤਾਂ ਆਪਣੀ ਜਨਤਾ ਨੇ ਉਸ ਸਮੇਂ ਵੀ ਬਹੁਤ ਰੌਲਾ ਪਾਇਆ ਸੀ,ਕਿ ਇਹ ਸਾਡੀ ਧਰਤੀ ਮਾਤਾ ਲਈ ਬਹੁਤ ਖ਼ਤਰਨਾਕ ਹਨ ਸਾਨੂੰ ਬਹੁਤ ਵੱਡਾ ਨੁਕਸਾਨ ਦੇਣਗੀਆਂ।ਭਾਖੜਾ ਨੰਗਲ ਤੇ ਬੰਨ੍ਹ ਉਸਾਰ ਕੇ ਜਦੋਂ ਬਿਜਲੀ ਪੈਦਾ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ,ਤਾਂ ਸਾਡੇ ਬਜ਼ੁਰਗ ਲਾਣੇ ਨੇ ਰੌਲਾ ਪਾ ਦਿੱਤਾ ਕਿ ਸਾਡੇ ਖੇਤਾਂ ਲਈ ਨਹਿਰਾਂ ਵਿਚ ਜੋ ਪਾਣੀ ਆ ਰਿਹਾ ਹੈ ਉਸ ਵਿੱਚੋਂ ਰਿੜਕ ਕੇ ਬਿਜਲੀ ਕੱਢ ਲਈ ਜਾਵੇਗੀ ਸਾਡੇ ਪਾਣੀ ਵਿਚ ਕੀ ਬਚੇਗਾ। ਮੇਰੇ ਪਾਠਕੋ ਇਹ ਹਾਸੋਹੀਣੀਆਂ ਗੱਲਾਂ ਨਹੀਂ ਹੋਰ ਕੀ ਹੈ ?

ਕੋਰੋਨਾ ਮਹਾਂਮਾਰੀ ਅਲੱਗ ਵਾਇਰਸ ਹੈ,ਜਿਸ ਲਈ ਦੁਨੀਆਂ ਦੇ ਡਾਕਟਰ ਤੇ ਵਿਗਿਆਨੀ ਖੋਜਾਂ ਕਰਨ ਵਿੱਚ ਲੱਗੇ ਹੋਏ ਹਨ।ਅਨੇਕਾਂ ਮੁਲਕਾਂ ਨੇ ਇਸ ਮਹਾਮਾਰੀ ਤੇ ਕਾਬੂ ਪਾ ਲਿਆ ਹੈ।ਪਰ ਅਸੀਂ ਭਾਰਤੀਆਂ ਨੇ ਇਸ ਨੂੰ ਇਕ ਮਜ਼ਾਕ ਹੀ ਬਣਾ ਲਿਆ ਹੈ। ਸਾਡੇ ਵਿਗਿਆਨੀ ਸਾਡੇ ਹੀ ਭੈਣ ਭਰਾ ਹਨ ਕੀ ਉਹ ਸਾਨੂੰ ਖ਼ਤਮ ਕਰਨ ਲਈ ਕਾਢਾਂ ਕੱਢਣਗੇ।ਸੋਚੋ ਵਿਗਿਆਨੀਆਂ ਨੇ ਪ੍ਰਮਾਣੂ ਬੰਬ, ਬੰਦੂਕਾਂ ਤੇ ਜ਼ਹਿਰੀਲੀਆਂ ਦਵਾਈਆਂ ਬਣਾਈਆਂ,ਉਹ ਨਾ ਦੀ ਸਹੀ ਵਰਤੋਂ ਸਾਡੇ ਹੱਕ ਵਿੱਚ ਹੁੰਦੀ ਹੈ ਜੇ ਉਸ ਦੀ ਗਲਤ ਵਰਤੋਂ ਹੋਵੇਗੀ ਫੇਰ ਤਾਂ ਚੰਗੀ ਚੀਜ਼ ਵੀ ਮਾਰੂ ਸਾਬਤ ਹੁੰਦੀ ਹੈ। ਕੋਰੋਨਾ ਮਹਾਂਮਾਰੀ ਦਾ ਟਾਕਰਾ ਕਰਨ ਲਈ ਆਪਾਂ ਨੂੰ ਖੁਦ ਯੋਗ ਸਾਧਨ ਵਰਤਣੇ ਚਾਹੀਦੇ ਹਨ।

ਸਾਡੀਆਂ ਸਰਕਾਰਾਂ ਨੂੰ ਵੀ ਯੋਗ ਹੱਲ ਕੱਢਣਾ ਚਾਹੀਦਾ ਹੈ ਜੋ ਭੁਲੇਖੇ ਹਨ ਉਹ ਦੂਰ ਕਰਨੇ ਚਾਹੀਦੇ ਹਨ।ਸਾਥੀਓ ਆਪਣੇ ਪੰਛੀ ਤੇ ਚਿਡ਼ੀਆਂ ਕਿਉਂ ਮਰ ਰਹੀਆਂ ਹਨ ਕਿੱਥੇ ਗਏ ਤੁਹਾਡੇ ਦਰੱਖ਼ਤ ਕੱਚੇ ਕੋਠਿਆਂ ਦੀਆਂ ਛੱਤਾਂ ਜਿਸ ਵਿਚ ਚਿੜੀਆਂ ਕਬੂਤਰ ਤੇ ਘੁੱਗੀਆਂ ਆਲ੍ਹਣੇ ਪਾਉਂਦੀਆਂ ਸਨ।ਜਦੋਂ ਉਨ੍ਹਾਂ ਦੇ ਰਹਿਣ ਲਈ ਅਸੀਂ ਕੋਈ ਜਗ੍ਹਾ ਤੇ ਖਾਣ ਲਈ ਕੋਈ ਸਾਧਨ ਨਹੀਂ ਛੱਡਿਆ,ਉਨ੍ਹਾਂ ਦੇ ਭੱਜ ਜਾਂ ਮਰ ਜਾਣ ਦਾ ਬਹਾਨਾ ਇੰਟਰਨੈੱਟ ਦੇ ਸਿਰ ਕਿਉਂ ਮੜ੍ਹ ਰਹੇ ਹੋ।ਵਿਗਿਆਨੀਆਂ ਨੂੰ ਆਪਣੇ ਲਈ ਯੋਗ ਖੋਜਾਂ ਕਰਨ ਦਾ ਖੁੱਲ੍ਹਾ ਸਮਾਂ ਦਿੰਦੇ ਰਹੋ,ਸਾਨੂੰ ਕੁਦਰਤ ਨੇ ਜੋ ਵਰਤਾਰਾ ਦਿੱਤਾ ਹੈ ਉਸ ਦੀ ਰਾਖੀ ਕਰੋ ਬਿਮਾਰੀਆਂ ਕਿਉਂ ਆਉਣਗੀਆਂ ਕਿਉਂ ਨਵੇਂ ਬਹਾਨੇ ਘੜ੍ਹਨੇ ਪੈਣਗੇ। ਸੋਸ਼ਲ ਮੀਡੀਆ ਦੀ ਵਰਤੋਂ ਚੰਗੇ ਤੇ ਉਸਾਰੂ ਕੰਮਾਂ ਲਈ ਕਰੋ।

ਜੋ ਨਵੀਂਆਂ ਤਕਨੀਕਾਂ ਆਉਂਦੀਆਂ ਹਨ ਉਸ ਦੀ ਯੋਗ ਵਰਤੋਂ ਕਰੋ।ਕੁਦਰਤ ਤੇ ਆਪਣੇ ਗੁਰੂਆਂ ਪੀਰਾਂ ਨੇ ਜੋ ਆਪਾਂ ਨੂੰ ਸਿੱਖਿਆ ਦਿੱਤੀ ਹੈ,ਉਨ੍ਹਾਂ ਰਸਤਿਆਂ ਤੇ ਚੱਲਦੇ ਹੋਏ ਸਹੀ ਵਰਤੋਂ ਕਰੋ।ਪਾਣੀ ਕਿਉਂ ਗੰਧਲਾ ਹੋ ਰਿਹਾ ਹੈ ਅਸੀਂ ਨਵੇਂ ਦਰੱਖ਼ਤ ਕਿਉਂ ਨਹੀਂ ਲਗਾ ਰਹੇ,ਬਿਨਾਂ ਮਤਲਬ ਗੱਡੀਆਂ ਚਲਾ ਕੇ ਕਿਉਂ ਆਪਣੇ ਵਾਤਾਵਰਨ ਨੂੰ ਪਲੀਤ ਕਰ ਰਹੇ ਹੋ।ਸਾਰੀਆਂ ਰੇਡੀਓ ਤਰੰਗਾਂ ਆਪਣੇ ਫ਼ਾਇਦੇ ਲਈ ਹਨ ਕੋਈ ਬਿਮਾਰੀ ਨਹੀਂ ਲੈ ਕੇ ਆਉਂਦੀਆਂ,ਸੋਸ਼ਲ ਮੀਡੀਆ ਤੇ ਚੰਗੀਆਂ ਗੱਲਾਂ ਦਾ ਪ੍ਰਚਾਰ ਕਰੋ,ਬਿਨਾਂ ਖਾਸ ਜਾਣਕਾਰੀ ਤੇ ਪੜਚੋਲ ਤੋਂ ਬਿਨਾਂ ਗ਼ਲਤ ਪ੍ਰਚਾਰ ਨਾ ਕਰੋ ਨਾ ਕਿਸੇ ਨੂੰ ਕਰਨ ਦੇਵੋ ਕੋਰੋਨਾ ਮਹਾਂਮਾਰੀ ਕੀ ਹੈ ਆਪਾਂ ਹਰ ਪੱਧਰ ਤੇ ਹਰ ਜੰਗ ਜਿੱਤਾਂਗੇ।

ਰਮੇਸ਼ਵਰ ਸਿੰਘ

ਸੰਪਰਕ ਨੰਬਰ-9914880392

 

 

 

Previous articleਕੀ ਕਰੋਨਾ ਦੀ ਦੂਜੀ ਲਹਿਰ 5ਜੀ ਟੈਸਟਿੰਗ ਨਾਲ ਫੈਲ ਰਹੀ ਹੈ?
Next articleਨੌਜਵਾਨ ਨੇ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀ