ਉੱਭਰ ਰਹੀ ਲੇਖਿਕਾ ਤੇ ਪੱਤਰਕਾਰਤਾ ਦਾ ਥੰਮ੍ਹ -ਅੰਮ੍ਰਿਤਪਾਲ ਕਲੇਰ

ਅੰਮ੍ਰਿਤਪਾਲ ਕਲੇਰ

(ਸਮਾਜ ਵੀਕਲੀ)

ਦੋ ਕੁ ਮਹੀਨੇ ਪਹਿਲਾਂ ਮੇਰਾ “ਫੇਸਬੁੱਕ ਤੇ ਲਿਖ ਰਹੀਆਂ ਭੈਣਾਂ” ਬਾਰੇ ਲੇਖ ਛਪਿਆ ਸੀ। ਬਹੁਤ ਸਾਰੀਆਂ ਭੈਣਾਂ ਨੇ ਮੈਨੂੰ ਫੇਸਬੁੱਕ ਉੱਤੇ ਵਿਚਾਰ ਲਿਖੇ। ਉਨ੍ਹਾਂ ਵਿਚੋਂ ਇੱਕ ਭੈਣ ਸੀ ਅੰਮ੍ਰਿਤਪਾਲ। ਉਸ ਨੇ ਮੈਨੂੰ ਲੇਖ ਬਾਰੇ ਫੋਨ ਕੀਤਾ ਅਤੇ ਮੇਰੇ ਲੇਖ ਦੀ ਸ਼ਲਾਘਾ ਕੀਤੀ। ਅੰਮ੍ਰਿਤਪਾਲ ਆਪ ਵੀ ਉਚਕੋਟੀ ਦੀ ਵਾਰਤਕ ਲੇਖਿਕਾ ਹੈ।ਇਕ ਦਿਨ ਅੰਮ੍ਰਿਤਪਾਲ ਨੇ ਮੈਨੂੰ ਆਪਣੇ ਬਾਰੇ ਦੱਸਿਆ …
“ਪਾਪਾ ਦੀ ਡਾਇਰੀ ਦੇ ਮੁਤਾਬਕ ਮੇਰਾ ਜਨਮ 26 ਦਸੰਬਰ 1979 ਈਸਵੀ ਨੂੰ ਹੋਇਆ ਦਸਿਆ ਜਾਂਦਾ ਹੈ,ਪਾਪਾ ਉਚਕੋਟੀ ਦੇ ਕਹਾਣੀਕਾਰ ਭੂਰਾ ਸਿੰਘ ਕਲੇਰ ਸਨ ਜਿਨ੍ਹਾਂ ਨੇ ਦਰਜਨਾਂ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ।ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਦੇ ਵਿਚੋਂ ਕੀਤੀ ਅਤੇ , ਬਾਰਵੀਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨਥਾਣਾ ਤੋਂ ਪਾਸ ਕੀਤੀ।

ਦਸਵੀਂ ਅਤੇ ਬਾਰਵੀਂ ਦੇ ਪੇਪਰਾਂ ਤੋਂ ਬਾਅਦ ਜੋ ਛੁੱਟੀਆਂ ਹੋਈਆਂ, ਓਹਨਾਂ ਦੌਰਾਨ ਬਹੁਤ ਸਾਰਾ ਰਸ਼ੀਅਨ ਸਾਹਿਤ ਅਤੇ ਸੰਸਾਰ ਪ੍ਰਸਿੱਧ ਪੁਸਤਕਾਂ ਪੜ੍ਹ ਲਈਆਂ ਸਨ। ਮਾਰਕਸ ,ਟਾਲਸਟਾਏ , ਟਾਮਸ ਹਾਰਡੀ , ਰਸੂਲ, ਚੈਖੋਵ, ਮੈਕਸਿਮ ਗੋਰਕੀ ,ਨਿਕੋਲਾਈ ਉਸਤਰੋਵਸਕੀ ,ਲੈਨਿਨ ਅਤੇ ਹੋਰ ਸੰਸਾਰ ਪ੍ਰਸਿੱਧ ਬਹੁਤ ਸਾਰੇ ਲੇਖਕਾਂ ਦੀਆਂ ਰਚਨਾਵਾਂ ਪੜ੍ਹ ਲਈਆਂ ਸਨ। ਪੰਜਾਬੀ ਸਾਹਿਤ ਦੇ ਮਹਾਂਰਥੀਆਂ ਵਿੱਚੋਂ ਨਾਨਕ ਸਿੰਘ ,ਕੰਵਲ , ਤਕਰੀਬਨ ਸਾਰੇ ਸਾਹਿਤਕਾਰ , ਕਹਾਣੀਕਾਰ ਨਾਵਲਕਾਰ ਅਤੇ ਜੀਵਨੀਆਂ ਸਮੇਂ-ਸਮੇਂ ਪੜ੍ਹਦੀ ਰਹੀ। ਬੀ.ਏ. ਕਰਨ ਦਾ ਮਨ ਵਿਚ ਸੁਪਨਾ ਪਰਬਲ ਸੀ। ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਤੋਂ ਜੋਗਰਫੀ ਆਨਰਜ਼ ਨਾਲ ਬੀ.ਏ.ਕੀਤੀ। ਬੀ ਏ ਦੇ ਇਨ੍ਹਾਂ ਤਿੰਨਾਂ ਸਾਲਾਂ ਦੇ ਦੌਰਾਨ ਐਫ ਐਮ ਰੇਡੀਓ ਸਟੇਸ਼ਨ ਬਠਿੰਡਾ ਤੇ ਕੈਜੂਅਲ ਅਨਾਊਸਰ ਦੇ ਤੌਰ ਤੇ ਕੰਮ ਕੀਤਾ।

ਐਮ ਏ ਪੰਜਾਬੀ ,ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਤੇ ਬੀ.ਐਡ. ਜੰਮੂ ਯੂਨੀਵਰਸਟੀ ਜੰਮੂ ਤੋਂ ਕੀਤੀ । ਇਸ ਤੋਂ ਪਿੱਛੋਂ ਸਮਾਜਕ ਬੰਧਨ ਵਿੱਚ ਬੱਝ ਗਈl ਪੜ੍ਹਾਈ ਦਾ ਖਾਸ ਸ਼ੌਕ ਹੋਣ ਕਰਕੇ ਐਮ.ਐਡ. ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਪੜ੍ਹਾਈ ਤੇ ਪਾਪਾ ਦਾ ਡੰਡਾ ਕੈੜਾ ਸੀ। ਕਈ ਵਾਰ ਪਾਪਾ ਤੋਂ ਚੋਰੀ ਪਾਪਾ ਦੀ ਨਕਲ ਕਰਕੇ ਕੋਈ ਕਹਾਣੀ ਲਿਖਣੀ ਅਤੇ ਬਾਅਦ ਵਿਚ ਉਸ ਨੂੰ ਪਾਪਾ ਤੋਂ ਡਰਦਿਆਂ ਪਾੜ ਦੇਣਾ । ਗੱਲ ਖੂਨ ਵਿੱਚ ਰਚੀ ਹੋਣ ਕਰਕੇ ਕਿਥੋਂ ਜਾਂਦੀ ਹੈ ,ਫਿਰ ਇਕ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧੀਨ ਆਉਂਦੇ ਪੰਜਾਬ ਦੇ ਸਾਰੇ ਕਾਲਜਾਂ ਦਾ ਕਹਾਣੀ ਲੇਖਣ ਮੁਕਾਬਲਾ ਹੋਇਆ। ਮੈਂ ਵੀ ਪਾਪਾਂ ਤੋਂ ਡਰਦਿਆਂ ਡਰਦਿਆਂ ਚੋਰੀ ਕਹਾਣੀ ਲਿਖੀ ਅਤੇ ਕਾਲਜ ਵੱਲੋਂ ਭੇਜ ਦਿੱਤੀ। ਮੇਰੀ ਉਹ ਕਹਾਣੀ “ਕੂੰਜ ਉਡਾਰੀ “ਸਾਰੇ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਆਈ ਅਤੇ ਛਾਪੀ ਗਈ।

ਫੇਰ ਮੈਂ ਕੀ ਕਰਨਾ ਜਦੋਂ ਵੀ ਕੋਈ ਸਾਹਿਤਕ ਮੁਕਾਬਲਾ ਹੋਣਾ ਮੈਂ ਆਪਣੀਆਂ ਸਹੇਲੀਆਂ ਨੂੰ ਕਵਿਤਾਵਾਂ ,ਕਹਾਣੀਆਂ ਮੁਕਾਬਲੇ ਲਈ ਲਿਖ ਦੇਣੀਆਂ ਅਤੇ ਉਨ੍ਹਾਂ ਨੇ ਆਪਣੇ ਨਾਮ ਹੇਠਾਂ ਭੇਜ ਦੇਣੀਆਂ ।ਇਸ ਤਰਾਂ ਮੇਰੀਆਂ ਬਹੁਤ ਸਾਰੀਆਂ ਕਵਿਤਾਵਾਂ ਅਤੇ ਕਹਾਣੀਆਂ ਰੇਡੀਓ ਸਟੇਸ਼ਨ ਤੋਂ ਪੜ੍ਹੀਆਂ ਅਤੇ ਬੋਲੀਆਂ ਗਈਆਂ ਹਨ। ਪਾਪਾ ਦਾ ਬਹੁਤ ਵੱਡਾ ਸੁਪਨਾ ਸੀ ਕਿ ਮੈਂ ਬਹੁਤ ਪੜ੍ਹ ਲਿਖ ਕੇ ਨੌਕਰੀ ਕਰਾਂ ਪਰ ਜੋ ਮਰਜ਼ੀ ਹੋ ਜਾਵੇ ਸਾਹਿਤਕ ਖੇਤਰ ਵਿਚ ਨਾ ਜਾਵਾਂ। ਪਾਪਾ ਕਹਿੰਦੇ ਸਨ ਕਿ ਕਹਾਣੀਆਂ ਕਹੂਣੀਆਂ ਲਿਖਣਾ ਤਾਂ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ।ਪਰ ਅੱਥਰਾ ਮਨ ਕਦੋਂ ਸੁਣਦਾ ਹੈ। ਮੇਰਾ ਸਭ ਤੋਂ ਪਹਿਲਾਂ ਆਰਟੀਕਲ ਪੰਜਾਬ ਟਾਈਮਜ਼ ਕੈਨੇਡਾ ਅਖਬਾਰ ਵਿੱਚ ਲੱਗਿਆ ਜਿਸ ਦਾ ਨਾਮ ਸੀ” ਟੁੱਟ ਗਈਆਂ ਕੱਚੀਆਂ ਤੰਦਾਂ”।

ਫੇਰ ਮੈਂ ਲਗਾਤਾਰ ਲਿਖਦੀ ਆ ਰਹੀ ਹਾਂ ਅਤੇ ਮੇਰੇ ਆਰਟੀਕਲ ਪ੍ਰੀਤਨਾਮਾ ਅਮਰੀਕਾ ਵਿਚ, ਪੰਜਾਬ ਟਾਈਮਜ਼ ਕੈਨੇਡਾ ਵਿੱਚ ਅਤੇ ਸਵੇਰਾ ਨਿਊਜ਼ੀਲੈਂਡ ਦੇਸ਼ ਦੇ ਪੰਜਾਬੀ ਅਖ਼ਬਾਰ ਵਿੱਚ ਸਮੇਂ ਸਮੇਂ ਤੇ ਆ ਰਹੇ ਹਨ। ਇਸੇ ਸਮੇਂ ਦੌਰਾਨ ਮੈਂ ਵੱਖ ਵੱਖ ਪੁਸਤਕਾਂ ਦੀ ਪੁਸਤਕ ਸਮੀਖਿਆ ਵੀ ਕੀਤੀ ਹੈ ਅਤੇ ਕਰ ਰਹੀ ਹਾਂ। ਪੰਜਾਬੀ ਦਾ ਪ੍ਰਸਿੱਧ ਅਖਬਾਰ “ਪੰਜਾਬੀ ਜਾਗਰਣ” ਮੇਰੇ ਆਰਟੀਕਲ ਨੂੰ ਖਾਸ ਥਾਂ ਦਿੰਦਾ ਹੈ,ਇਸ ਅਖ਼ਬਾਰ ਵੱਲੋਂ ਮੈਨੂੰ ਰਿਵਿਊ ਕਰਨ ਲਈ ਕਿਤਾਬਾਂ ਵੀ ਭੇਜੀਆਂ ਜਾਂਦੀਆਂ ਹਨ।ਮੇਰਾ ਆਪਣਾ ਬਹੁਤ ਵੱਡਾ ਸੁਪਨਾ ਸੀ ਕਿ ਮੈਂ ਮੀਡੀਆ ਵਿੱਚ ਜਾਵਾਂ। ਕੁਝ ਕੁ ਤਾਂ ਮੇਰਾ ਇਹ ਸੁਪਨਾ ਐਫ ਐਮ ਰੇਡੀਓ ਸਟੇਸ਼ਨ ਬਠਿੰਡਾ ਵਿਖੇ ਕੈਜੂਅਲ ਅਨਾਊਂਸਰ ਲੱਗ ਕੇ ਪੂਰਾ ਹੋ ਗਿਆ।

ਮੈਨੂੰ ਪੱਤਰਕਾਰੀ ਦਾ ਵੀ ਬਹੁਤ ਸ਼ੌਕ ਹੈ ਅਤੇ ਹੁਣ ਮੈਂ ਪੱਤਰਕਾਰੀ ਦੇ ਵਿਚ ਜਨਰਲ ਐਡ ਮਾਸ ਕਮਨੀਕੇਸ਼ਨ ਦਾ ਡਿਪਲੋਮਾ ਅਤੇ ਮਾਸਟਰ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ ਹੈ। “ਮੇਰੇ ਵੱਡੇ ਵੀਰ ਤੁਹਾਡੀ ਅਗਵਾਈ ਵਿੱਚ ਕਲਮ ਨੂੰ ਸੇਧ ਮਿਲ ਰਹੀ ਹੈ ਅਤੇ ਤੁਸੀਂ ਰਾਹ ਦਸੇਰਾ ਹੋਣ ਦੇ ਨਾਲ ਨਾਲ ਹੌਸਲਾ ਅਫ਼ਜ਼ਾਈ ਵੀ ਕਰ ਰਹੇ ਹੋ” ਬੀਬਾ ਜੀ ਤੇ ਮੇਰੇ ਲਈ ਕਹੇ ਸ਼ਬਦ ਸਨ।ਮੇਰੇ ਲਿਖਣ ਲਿਖਾਉਣ ਦੇ ਵਿਚ ਮੇਰੇ ਚਾਚਾ ਜੀ (ਜੋ ਸੀਨੀਅਰ ਪੱਤਰਕਾਰ ਅਤੇ ਪੰਜਾਬੀ ਦੇ ਸੁਪ੍ਰਸਿੱਧ ਗ਼ਜ਼ਲਗੋ ਵੀ ਹਨ।

ਸ੍ਰੀ ਬੂਟਾ ਸਿੰਘ ਚੌਹਾਨ ਮੈਨੂੰ ਲਿਖਣ ਦੀਆਂ ਬਰੀਕੀਆਂ ਦੱਸਦੇ ਹਨ ਅਤੇ ਮੇਰੇ ਰਾਹ ਦਸੇਰੇ ਹਨ । ਵਾਰਤਕ ਦੀ ਪੁਸਤਕ ਦਾ ਖਰੜਾ ਤਿਆਰ ਹੈ ,ਛੇਤੀ ਹੀ ਪਾਠਕਾਂ ਦੇ ਰੂਬਰੂ ਕਰਾਂਗੀ।ਬੀਬਾ ਜੀ ਕਲਮ ਦੀ ਧਨੀ ਤਾਂ ਹੈ’ ਇਸ ਤੋਂ ਵਧ ਕੇ ਗੱਲ ਕਰਨ ਦਾ ਬਹੁਤ ਵੱਡਾ ਵਧੀਆ ਸਲੀਕਾ ਹੈ।ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਕਲਮਕਾਰੀ ਵਿਚ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਮਾਣ ਹੈ,ਬੋਲ ਚਾਲ ਤੇ ਰਹਿਣ ਸਹਿਣ ਵਿੱਚ ਪੰਜਾਬੀ ਵਿਰਸੇ ਦੀ ਸ਼ਾਨ ਹੈ।

ਜਿੱਥੋਂ ਤਕ ਮੈਂ ਵੇਖਿਆ ਹੈ ਵਾਰਤਕ ਵਿੱਚ ਅੰਮ੍ਰਿਤ ਜਲਦੀ ਹੀ ਪਹਿਲੀ ਕਤਾਰ ਦੀ ਲੇਖਕ ਬਣ ਜਾਵੇਗੀ।ਜੇ ਪੱਤਰਕਾਰਤਾ ਦੀ ਬਾਂਹ ਫੜ ਲਈ ਤਾਂ ਉੱਚਕੋਟੀ ਦੀ ਸੰਪਾਦਿਕਾ ਸਥਾਪਤ ਹੋਵੇਗੀ।ਮਾਂ ਬੋਲੀ ਪੰਜਾਬੀ ਲਈ ਵਿਚ ਵੱਧ ਤੋਂ ਵੱਧ ਡਿਗਰੀਆਂ ਐਵੇਂ ਤਾਂ ਨਹੀਂ ਮਿਲ ਗਈਆਂ ਉੱਚੀ ਸੋਚ ਤੇ ਕਲਮੀ ਮਿਹਨਤ ਵਿੱਚ ਧਨੀ ਹੈ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚਾ ਪਿਆਰ
Next articleਚੇਤਾਵਨੀ ਲੀਡਰਾਂ ਨੂੰ