42 ਦਿਨ ”ਚ ਤਿਆਰ ਹੋ ਸਕਦੀ ਹੈ ਆਕਸਫੋਰਡ ਦੀ ਕੋਰੋਨਾ ਵੈਕਸੀਨ

ਲੰਡਨ (ਰਾਜਵੀਰ ਸਮਰਾ) (ਸਮਾਜ ਵੀਕਲੀ) : ਦੁਨੀਆ ਭਰ ਵਿਚ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਹੁਣ ਬ੍ਰਿਟੇਨ ਦੀ ਆਰਕਸਫੋਰਡ ਯੂਨੀਵਰਸਿਟੀ ਦੀ ਕੋਰੋਨਾਵਾਇਰਸ ਵੈਕਸੀਨ ‘ਤੇ ਦੁਨੀਆ ਭਰ ਦੀਆਂ ਨਜ਼ਰਾਂ ਹਨ। ਵੈਕਸੀਨ ਦਾ ਟ੍ਰਾਇਲ ਆਖਰੀ ਪੜਾਅ ਵਿਚ ਹੈ। express.co.uk ਵਿਚ ਛਪੀ ਰਿਪੋਰਟ ਦੇ ਮੁਤਾਬਕ, ਸਭ ਤੋਂ ਚੰਗੀ ਸਥਿਤੀ ਵਿਚ ਆਕਸਫੋਰਡ ਦੀ ਵੈਕਸੀਨ ਅੱਜ ਤੋਂ ਸਿਰਫ 42 ਦਿਨ ਬਾਅਦ ਮਤਲਬ 6 ਹਫਤਿਆਂ ਵਿਚ ਤਿਆਰ ਹੋ ਸਕਦੀ ਹੈ। ਰਿਪੋਰਟ ਮੁਤਾਬਕ ਬ੍ਰਿਟੇਨ ਦੀ ਸਰਕਾਰ ਦੇ ਸੂਤਰ ਨੇ ਸੰਡੇ ਐਕਸਪ੍ਰੈਸ ਨੂੰ ਦੱਸਿਆ ਹੈ ਕਿ ਆਕਸਫੋਰਡ ਯੂਨੀਵਰਸਿਟੀ ਅਤੇ ਇੰਪੀਰੀਅਲ ਕਾਲਜ ਲੰਡਨ ਦੇ ਵਿਗਿਆਨੀ ਵੈਕਸੀਨ ਤਿਆਰ ਕਰਨ ਦੇ ਬਹੁਤ ਕਰੀਬ ਪਹੁੰਚ ਗਏ ਹਨ।

ਬ੍ਰਿਟੇਨ ਵਿਚ ਵੈਕਸੀਨ ਦੇ ਉਤਪਾਦਨ ਸਬੰਧੀ ਵੀ ਤਿਆਰੀਆਂ ਪਹਿਲਾਂ ਤੋਂ ਚੱਲ ਰਹੀਆਂ ਹਨ। ਵਿਗਿਆਨੀਆਂ ਵੱਲੋਂ ਹਰੀ ਝੰਡੀ ਮਿਲਣ ਦੇ ਬਾਅਦ ਬ੍ਰਿਟੇਨ ਦੇ ਲੋਕਾਂ ਨੂੰ ਬਹੁਤ ਘੱਟ ਸਮੇਂ ਵਿਚ ਵੈਕਸੀਨ ਮਿਲਣ ਲੱਗੇਗੀ। ਭਾਵੇਂਕਿ ਬ੍ਰਿਟੇਨ ਦੇ ਮੰਤਰੀ ਹਾਲੇ ਖੁੱਲ੍ਹ ਕੇ ਕੁਝ ਵੀ ਕਹਿਣ ਤੋਂ ਬਚ ਰਹੇ ਹਨ ਅਤੇ ਹੋਰ ਸਥਿਤੀ ਦੇ ਲਈ ਵੀ ਤਿਆਰੀ ਕਰ ਰਹੇ ਹਨ। ਰਿਪੋਰਟ ਮੁਤਾਬਕ ਸੂਤਰ ਨੇ ਦੱਸਿਆ ਕਿ ਸਭ ਤੋਂ ਚੰਗੀ ਸਥਿਤੀ ਵਿਚ (best-case scenario) 6 ਹਫਤਿਆਂ ਵਿਚ ਵੈਕਸੀਨ ਦੀ ਜਾਂਚ ਪੂਰੀ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਗੇਮ ਚੇਂਜਰ ਹੋਵੇਗਾ।

ਵੈਕਸੀਨ ਪ੍ਰੋਗਰਾਮ ਨਾਲ ਜੁੜੇ ਵਿਅਕਤੀ ਨੇ ਇਹ ਵੀ ਕਿਹਾ ਕਿ ਜੇਕਰ ਇਸ ਵਿਚ ਕੁਝ ਹੋਰ ਸਮਾਂ ਵੀ ਲੱਗਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਆਕਸਫੋਰਡ ਅਤੇ ਇੰਪੀਰੀਅਲ ਕਾਲਜ ਦੇ ਵਿਗਿਆਨੀ ਕਰੀਬ ਪਹੁੰਚ ਗਏ ਹਨ। ਇਸ ਦੇ ਬਾਅਦ ਲੱਖਾਂ ਡੋਜ਼ ਤਿਆਰ ਕਰਨ ਦੀ ਲੋੜ ਹੋਵੇਗੀ, ਜਿਸ ਦੇ ਲਈ ਉਤਪਾਦਨ ਦੀ ਸਹੂਲਤ ਅਸੀਂ ਤਿਆਰ ਕਰ ਲਈ ਗਈ ਹੈ। ਬ੍ਰਿਟੇਨ ਦੀ ਵੈਕਸੀਨ ਟਾਸਕ ਫੋਰਸ ਦੀ ਪ੍ਰਮੁੱਖ ਕੇਟ ਬਿੰਘਮ ਨੇ ਕਿਹਾ ਕਿ ਉਹ ਵੈਕਸੀਨ ਨੂੰ ਲੈਕੇ ਸਾਵਧਾਨ ਹਨ ਅਤੇ ਆਸਵੰਦ ਵੀ। ਉਹਨਾਂ ਨੇ ਕਿਹਾ ਕਿ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਕੰਮ ਕਰਦੇ ਰਹੀਏ ਅਤੇ ਜਲਦਬਾਜ਼ੀ ਵਿਚ ਜਸ਼ਨ ਮਨਾਉਣ ਦੀ ਕੋਸ਼ਿਸ਼ ਨਾ ਕਰੀਏ। ਉਹਨਾਂ ਨੇ ਕਿਹਾ ਕਿ ਆਸ ਹੈ ਕਿ ਕ੍ਰਿਸਮਸ ਤੋਂ ਪਹਿਲਾਂ ਵੈਕਸੀਨ ਦੇ ਟ੍ਰਾਇਲ ਦੇ ਨਤੀਜੇ ਆ ਜਾਣਗੇ।

Previous articleਆਸ਼ਾ ਵਰਕਰਾਂ ਖ਼ਿਲਾਫ਼ ਭੰਡੀ-ਪ੍ਰਚਾਰ ਮੰਦਭਾਗਾ – ਮੁਲਾਜ਼ਮ ਆਗੂ
Next articleਫੋਟੋਗ੍ਰਾਫਰ ਐਸੋਸੀਏਸ਼ਨ ਨੇ ਰਾਹਗੀਰਾਂ ਨੂੰ ਵੰਡੇ ਮਾਸਕ ਵੰਡੇ