ਗਰੀਬਾਂ ਨੂੰ ਵੰਡੀ ਜਾਣ ਵਾਲੀ ਕਣਕ ’ਚ 20 ਕਰੋੜ ਦਾ ਘਪਲਾ, ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼

ਚੰਡੀਗੜ੍ਹ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਖੁਰਾਕ ਤੇ ਸਿਵਲ ਸਪਲਾਈ ਮੰਤਰੀ, ਪੰਜਾਬ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਅੰਮਿ੍ਤਸਰ ਜ਼ਿਲੇ ਦੇ ਜੰਡਿਆਲਾ ਗੁਰੂ ਕੇਂਦਰ ਵਿਖੇ ਕਣਕ ਦੇ ਸਟਾਕ ਵਿੱਚ ਪਾਈ ਗਈ ਘਾਟ ਲਈ ਜਿੰਮੇਵਾਰ ਅਧਿਕਾਰੀਆਂ / ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦੇ ਹੋਏ ਆਸ਼ੂ ਨੇ ਦੱਸਿਆ ਕਿ ਖੁਰਾਕ ਅਤੇ ਸਿਵਲ ਸਪਲਾਈਜ਼ ਵਿਭਾਗ ਦੇ ਮੁੱਖ ਦਫਤਰ ਵਲੋਂ ਜ਼ਿਲਾ ਅੰਮਿ੍ਤਸਰ ਦੇ ਕੇਂਦਰ ਜੰਡਿਆਲਾ ਗੁਰੂ ਵਿਖੇ ਤਾਇਨਾਤ ਨਿਰੀਖਕ ਜਸਦੇਵ ਸਿੰਘ ਦੇ ਅਚਾਨਕ ਲਾਪਤਾ ਹੋਣ ਬਾਰੇ ਸੂਚਨਾ ਮਿਲਣ ਤੇ ਤੁਰੰਤ ਮੁੱਖ ਦਫਤਰ ਦੀ ਸੈਂਟਰਲ ਵਿਜੀਲੈਂਸ ਕਮੇਟੀ (ਸੀਵੀਸੀ) ਨੂੰ ਟੀਮਾਂ ਦਾ ਗਠਨ ਕਰਕੇ ਜੰਡਿਆਲਾ ਗੁਰੂ ਵਿਖੇ ਪਨਗ੍ਰੇਨ ਦੇ ਗੋਦਾਮਾਂ /ਪਲਿੰਥਾਂ ਦੀ ਸਪੈਸ਼ਲ ਪੀਵੀ ਕਰਨ ਲਈ ਹਦਾਇਤ ਕੀਤੀ ਗਈ ।

ਸੀਵੀਸੀ ਵਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਪੜਤਾਲ ਕੀਤੀ ਗਈ, ਜਿਸਦੀ ਮੁਢਲੀ ਰਿਪੋਰਟ ਅਨੁਸਾਰ ਜੰਡਿਆਲਾ ਗੁਰੂ ਕੇਂਦਰ ਵਿਖੇ ਸਾਲ 2018-19 , 2020-21 ਅਤੇ 2021-22 ਦੇ ਕੇਂਦਰੀ ਪੂਲ ਅਤੇ ਡੀਸੀਪੀ ਕਣਕ ਦੇ ਸਟਾਕ ਵਿੱਚ 184344 ਬੋਰੀਆਂ ( 50 ਕਿਲੋ ਜੂਟ 30 ਕਿਲੋ ਪੀਪੀ ) ਦੀ ਘਾਟ ਪਾਈ ਗਈ ਹੈ, ਜਿਸਦੀ ਕੀਮਤ ਤਕਰੀਬਨ 20 ਕਰੋੜ ਰੁਪਏ ਬਣਦੀ ਹੈ। ਇਸਦਾ ਗੰਭੀਰ ਨੋਟਿਸ ਲੈਂਦੇ ਹੋਏ ਉਨਾਂ ਵੱਲੋਂ ਇਸ ਕੇਸ ਵਿੱਚ ਸਾਰੇ ਜ਼ਿੰਮੇਵਾਰ ਅਧਿਕਾਰੀਆਂ / ਕਰਮਚਾਰੀਆਂ ਵਿਰੁਧ ਸਖ਼ਤ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਅਨੁਸਾਰ ਅੰਮਿ੍ਤਸਰ ਜ਼ਿਲੇ ਦੇ ਜੰਡਿਆਲਾ ਗੁਰੂ ਕੇਂਦਰ ਵਿਖੇ ਤਾਇਨਾਤ ਅਮਰਿੰਦਰ ਸਿੰਘ, ਡੀਐੱਫਐੱਸਓ ਅਤੇ ਅਰਸ਼ਦੀਪ ਸਿੰਘ , ਏਐੱਫਐੱਸਓ ਨੂੰ ਤੁਰੰਤ ਮੁਅੱਤਲੀ ਅਧੀਨ ਕਰਦੇ ਹੋਏ ਉਨ੍ਹਾਂ ਖਿਲਾਫ ਵਿਭਾਗੀ ਕਾਰਵਾਈ / ਚਾਰਜਸ਼ੀਟ ਕਰਨ ਦੇ ਹੁਕਮ ਦਿੱਤੇ ਗਏ ਹਨ ।

ਇਸ ਤੋਂ ਇਲਾਵਾ, ਰਾਜ ਰਿਸ਼ੀ ਮਹਿਰਾ ਡੀਐੱਫਐੱਸਸੀ ਅੰਮਿ੍ਤਸਰ ਅਤੇ ਉਨ੍ਹਾਂ ਤੋਂ ਪਹਿਲਾਂ ਤਾਇਨਾਤ ਡੀਐੱਫਐੱਸਸੀ ਅੰਮਿ੍ਤਸਰ , ਜਸਜੀਤ ਕੌਰ ਵਿਰੁੱਧ ਵੀ ਸੁਪਰਵਾਇਜ਼ਰੀ ਲੈਪਸ ਅਤੇ ਅਣਗਹਿਲੀ ਕਾਰਣ ਵਿਭਾਗੀ ਕਾਰਵਾਈ ਚਾਰਜਸ਼ੀਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ । ਇਸ ਤੋਂ ਇਲਾਵਾ ਪੁਲਿਸ ਸਟੇਸ਼ਨ ਜੰਡਿਆਲਾ ਜ਼ਿਲਾ ਅੰਮਿ੍ਤਸਰ ਦਿਹਾਤੀ ਵਿਖੇ ਦੋਸ਼ੀ ਨਿਰੀਖਕ ਵਿਰੁੱਧ ਐੱਫਆਈਆਰ ਨੰ 0239 ਮਿਤੀ 06.08.2021 ਦਰਜ ਕਰਵਾਈ ਗਈ ਹੈ । ਸੀਵੀਸੀ ਦੀ ਮੁੱਢਲੀ ਰਿਪੋਰਟ ਵਿੱਚ ਕਣਕ ਦੀ ਬੋਗਸ ਖ਼ਰੀਦ ਅਤੇ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਵਿੱਚ ਵੀ ਹੇਰਾਫੇਰੀ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਹੈ।

ਇਸ ਸਬੰਧ ਵਿਚ ਸੀਵੀਸੀ ਨੂੰ ਆਦੇਸ਼ ਦਿੱਤੇ ਗਏ ਹਨ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ, ਜੰਡਿਆਲਾ ਗੁਰੂ ਕੇਂਦਰ ਵਿਖੇ ਸਾਲ 2018-19 ਤੋਂ ਕੇਂਦਰੀ ਪੂਲ ਦੇ ਸਟਾਕ ਦੀ ਪੜਤਾਲ ਦੇ ਨਾਲ ਪੀਐੱਮਜੀਕੇਵਾਈ/ ਐੱਨਐੱਫਐੱਸਏ 2013 ਅਧੀਨ ਵੰਡੀ ਗਈ ਕਣਕ ਬਾਰੇ ਵੀ ਰਿਪੋਰਟ ਦਿੱਤੀ ਜਾਵੇ। ਇਸ ਕੇਸ ਦੀ ਹੋਰ ਜਾਂਚ ਲਈ ਚੌਕਸੀ ਵਿਭਾਗ, ਪੰਜਾਬ ਨੂੰ ਵੀ ਲਿਖਣ ਦਾ ਫੈਸਲਾ ਕੀਤਾ ਗਿਆ ਹੈ । ਖੁਰਾਕ ਅਤੇ ਸਪਲਾਈਜ਼ ਮੰਤਰੀ , ਪੰਜਾਬ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਸਰਕਾਰ ਵਲੋਂ ਕਿਸੇ ਵੀ ਤਰਾਂ ਦੇ ਭਿ੍ਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀ ਪਾਏ ਜਾਂਦੇ ਅਧਿਕਾਰੀਆਂ / ਕਰਮਚਾਰੀਆਂ ਵਿਰੁਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ । ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵਿਭਾਗ ਦੇ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ , ਜਿਸਨੂੰ ਤਿੰਨ ਹਫਤਿਆਂ ’ਚ ਰਿਪੋਰਟ / ਸੁਝਾਅ ਦੇਣ ਲਈ ਹਦਾਇਤ ਕੀਤੀ ਗਈ ਹੈ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ ਸੁਖਦੀਪ ਸਿੰਘ ਦਾ ਤਬਾਦਲਾ ਹੋਣ ਤੇ ਸਨਮਾਨ ਸਮਾਰੋਹ ਦਾ ਆਯੋਜਨ
Next articleਮਿਡਲ ਸਕੂਲ ਸੁੰਨੜਵਾਲ ਵਿਖੇ ਗਣਿਤ ਮੇਲਾ ਲਗਾਇਆ