ਸਰਕਾਰੀਆ ਵਲੋਂ ਫਿਲੌਰ ਵਿਖੇ ਧੁੱਸੀ ਬੰਨ੍ਹ ’ਚ ਪਏ ਪਾੜ ਨੂੰ ਪੂਰਨ ਦੇ ਕੰਮ ’ਤੇ ਤਸੱਲੀ ਦਾ ਪ੍ਰਗਟਾਵਾ, ਸਖ਼ਤ ਮਿਹਨਤ ਲਈ ਅਧਿਕਾਰੀਆਂ ਨੂੰ ਦਿੱਤੀ ਸ਼ਾਬਾਸ

ਜਲੰਧਰ (ਸਮਾਜ ਵੀਕਲੀ ਬਿਊਰੋ) – ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਫਿਲੌਰ ਸਬ ਡਵੀਜ਼ਨ ਅਧੀਨ ਪੈਂਦੇ ਧੁੱਸੀ ਬੰਨ੍ਹ ਵਿੱਚ ਪਾਏ ਪਾੜਾਂ ਨੂੰ ਪੂਰਨ ਲਈ ਕੀਤੇ ਜਾ ਰਹੇ ਯਤਨਾਂ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਪਾੜਾਂ ਨੂੰ ਪੂਰਨ ਪਿਛੋਂ ਧੁੱਸੀ ਬੰਨ੍ਹਾਂ ਦੀ ਮਜ਼ਬੂਤੀ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ। ਅੱਜ ਇਥੇ ਮਿਓਂਵਾਲ ਵਿਖੇ ਧੁੱਸੀ ਬੰਨ੍ਹਾਂ ਵਿਚਲੇ ਪਾੜ੍ਹ ਨੂੰ ਪੂਰਨ ਦੇ ਕੰਮ ਦਾ ਜਾਇਜ਼ਾ ਲੈਂਦਿਆ ਉਨਾਂ ਕਿਹਾ ਕਿ ਮਿਓਂਵਾਲ ਵਿਖੇ 380 ਫੁੱਟ, ਮਿਓਂਵਾਲ ਡੇਰਾ ਪਥਾਰਾ ਵਿਖੇ 180 ਫੁੱਟ ਅਤੇ ਮਾਓ ਸਾਹਿਬ ਵਿਖੇ 165 ਫੁੱਟ ਪਾੜਾਂ ਨੂੰ ਪੂਰਨ ਦਾ ਕੰਮ ਜੰਗੀ ਪੱਧਰ ’ਤੇ ਚਲਾ ਕੇ ਇਨਾਂ ਨੂੰ ਪੂਰ ਲਿਆ ਗਿਆ ਹੈ। ਸ੍ਰੀ ਸਰਕਾਰੀਆ ਜੋ ਕਿ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਜਲੰਧਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਡੇਰਾ ਜਮਾ ਕੇ ਬੈਠੇ ਹਨ ਨੇ ਪਾੜਾਂ ਨੂੰ ਮੁਕੰਮਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ , ਵੱਖ-ਵੱਖ ਵਿਭਾਗਾਂ ਅਤੇ ਵਿਸ਼ੇਸ਼ ਕਰਕੇ ਧਾਰਮਿਕ ਸੰਸਥਾਵਾਂ ਵਲੋਂ ਦਿੱਤੇ ਸਹਿਯੋਗ ਲਈ ਉਨਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਉਹ ਹੜ੍ਹ ਪਿਛੋਂ ਰੋਪੜ, ਲੁਧਿਆਣਾ,ਜਲੰਧਰ ,ਕਪੂਰਥਲਾ, ਫਿਰੋਜ਼ਪੁਰ ਵਿਖੇ ਬੰਨ੍ਹਾਂ ਵਿੱਚ ਪਾਏ ਪਾੜਾਂ ਨੂੰ ਪੂਰਨ ਦੇ ਕੰਮ ਦਾ ਨਿੱਜੀ ਤੌਰ ’ਤੇ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਹਤ ਕਾਰਜਾਂ ਨੂੰ ਨਿਰਵਿਘਨ ਜਾਰੀ ਰੱਖਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਵਿੱਤੀ ਸ਼ਕਤੀਆਂ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਰਾਹਤ ਕਾਰਜਾਂ ਲਈ ਲੋੜੀਂਦੇ ਫ਼ੰਡਜ ਪਹਿਲਾਂ ਹੀ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਨੂੰ ਤੁਰੰਤ ਰਾਹਤ ਪਹੁੰਚਾਉਣ ਅਤੇ ਉਨਾਂ ਦੇ ਮੁੜ ਵਸੇਬੇ ਲਈ ਵਡੇਰੇ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਸ੍ਰੀ ਸਰਕਾਰੀਆ ਨੂੰ ਹੜ੍ਹ ਕਾਰਨ ਹੋਏ ਮਾਲੀ ਨੁਕਸਾਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਸਾਬਕਾ ਵਿਧਾਇਕ ਸ੍ਰ.ਜਗਬੀਰ ਸਿੰਘ ਬਰਾੜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਵਿਕਰਮਜੀਤ ਸਿੰਘ ਚੌਧਰੀ, ਮੁੱਖ ਇੰਜੀਨੀਅਰ ਡਰੇਨਜ਼ ਸੰਜੀਵ ਗੁਪਤਾ, ਸੁਪਰਡੰਟ ਇੰਜੀਨੀਅਰ ਆਰ.ਪੀ.ਐਸ.ਭੱਠਲ, ਕਾਰਜਕਾਰੀ ਇੰਜੀਨੀਅਰ ਦਵਿੰਦਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

Previous articleਬਹੁਜਨ ਫਰੰਟ ਪੰਜਾਬ ਵਲੋਂ ਸ੍ਰੀ ਗੁਰੂ ਰਵਿਦਾਸ ਮੰਦਿਰ ਤੁਗਲਕਾਬਾਦ ਢਾਹੇ ਜਾਣ ਦੇ ਵਿਰੋਧ ’ਚ ਕੇਂਦਰੀ ਮੰਤਰੀਆਂ ਦਾ ਘਿਰਾਓ 28 ਤੇ 31 ਨੂੰ
Next articleਜ਼ਿਲ੍ਹਾ ਪ੍ਰਸ਼ਾਸਨ ਨੇ ਫਿਲੌਰ ’ਚ 180 ਫੁੱਟ ਲੰਮਾ ਪਾੜ ਪੂਰਿਆ