ਜ਼ਿਲ੍ਹਾ ਪ੍ਰਸ਼ਾਸਨ ਨੇ ਫਿਲੌਰ ’ਚ 180 ਫੁੱਟ ਲੰਮਾ ਪਾੜ ਪੂਰਿਆ

ਫਿਲੌਰ – (ਸਮਾਜ ਵੀਕਲੀ ਬਿਊਰੋ) – ਜ਼ਿਲ੍ਹਾ ਪ੍ਰਸ਼ਾਸਨ ਅਤੇ ਧਾਰਮਿਕ ਸੰਸਥਾਂ ਦੇ ਵਲੰਟੀਅਰਾਂ ਵਲੋਂ ਪਿੰਡ ਮਿੳਵਾਲ ਡੇਰਾ ਪੱਥਰਾਂ ਵਿੱਚ ਪਏ ਇੱਕ ਹੋਰ 180 ਫੁੱਟ ਲੰਮੇ ਪਾੜ ਨੂੰ ਪੂਰ ਲਿਆ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਜਸਬੀਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵਲੋਂ ਫਿਲੌਰ ਸਬ ਡਿਵੀਜ਼ਨ ਵਿਖੇ ਪਏ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਮਗਨਰੇਗਾ ਵਰਕਰਾਂ ਅਤੇ ਬਾਬਾ ਕਸ਼ਮੀਰਾ ਸਿੰਘ, ਬਾਬਾ ਤਰਵਿੰਦਰ ਸਿੰਘ ਢੇਸੀਆਂ ਅਤੇ ਗੁਰੂਦੁਆਰਾ ਬਾਬਾ ਨਿਹਾਲ ਸਿੰਘ ਤੱਲ੍ਹਣ ਸਾਹਿਬ ਵਾਲਿਆਂ ਦੇ 250 ਦੇ ਕਰੀਬ ਸੇਵਾਦਾਰ ਰੇਤ ਦੀਆਂ ਬੋਰੀਆਂ ਨਾਲ ਬੰਨ ਨੂੰ ਪੂਰਨ ਲਈ ਲੱਗੇ ਹੋਏ ਸਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਓ ਸਾਹਿਬ ਅਤੇ ਮਿਓਂਵਾਲ ਵਿਖੇ ਹੜ੍ਹਾਂ ਕਾਰਨ ਚਾਰ ਥਾਵਾਂ ਤੋਂ ਬੰਨ੍ਹਾਂ ਵਿੱਚ ਪਾੜ ਪਏ ਸਨ ਜਿਨਾਂ ਵਿਚੋਂ ਇਹ ਦੂਜਾ ਪਾੜ ਪੂਰਿਆ ਗਿਆ ਹੈ। ਜਿਲ੍ਹਾ ਪ੍ਰਸ਼ਾਸ਼ਨ ਵਲੋਂ 22 ਅਗਸਤ ਨੂੰ 165 ਫੁੱਟ ਦਾ ਪਾੜ ਪਿੰਡ ਮਓ ਸਾਹਿਬ ਵਿਖੇ ਪੂਰਿਆ ਗਿਆ ਸੀ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਚਾਅ ਸੈਂਟਰਾਂ ਵਿੱਚ ਮੁਫ਼ਤ ਖਾਣਾ, ਡਾਕਟਰੀ ਸਹਾਇਤਾ ਅਤੇ ਪਸ਼ੂਆਂ ਲਈ ਹਰੇ ਚਾਰੇ ਅਤੇ ਤੂੜੀ ਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

Previous articleਸਰਕਾਰੀਆ ਵਲੋਂ ਫਿਲੌਰ ਵਿਖੇ ਧੁੱਸੀ ਬੰਨ੍ਹ ’ਚ ਪਏ ਪਾੜ ਨੂੰ ਪੂਰਨ ਦੇ ਕੰਮ ’ਤੇ ਤਸੱਲੀ ਦਾ ਪ੍ਰਗਟਾਵਾ, ਸਖ਼ਤ ਮਿਹਨਤ ਲਈ ਅਧਿਕਾਰੀਆਂ ਨੂੰ ਦਿੱਤੀ ਸ਼ਾਬਾਸ
Next articlePKL 7: UP Yoddha pip struggling Puneri Paltan 35-30