ਸੂਰੀਨਾਮ ਦੀ ਇਕ ਫ਼ੌਜੀ ਅਦਾਲਤ ਨੇ ਰਾਸ਼ਟਰਪਤੀ ਡੇਸੀ ਬੋਓਟਰਸੀ ਨੂੰ 15 ਵਿਰੋਧੀਆਂ ਦੀ ਹੱਤਿਆ ਦੇ 37 ਸਾਲ ਪੁਰਾਣੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਅਦਾਲਤ ਨੇ ਉਨ੍ਹਾਂ ਦੀ ਗਿ੍ਫ਼ਤਾਰੀ ਦਾ ਆਦੇਸ਼ ਨਹੀਂ ਦਿੱਤਾ ਹੈ। ਉਹ ਇਸ ਸਮੇਂ ਚੀਨ ਦੇ ਦੌਰੇ ‘ਤੇ ਹਨ ਜਦਕਿ ਅਦਾਲਤ ਦੇ ਫ਼ੈਸਲੇ ਪਿੱਛੋਂ ਵਿਰੋਧੀ ਪਾਰਟੀਆਂ ਨੇ ਬੋਓਟਰਸੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਸੱਤਾਧਾਰੀ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ ਦੇ ਉਪ ਪ੍ਰਧਾਨ ਰੇਮਨ ਅਬਰਾਹਿਮ ਨੇ ਦੱਸਿਆ ਕਿ ਰਾਸ਼ਟਰਪਤੀ ਬੋਓਟਰਸੀ ਟੈਲੀਫੋਨ ਰਾਹੀਂ ਸੰਪਰਕ ਵਿਚ ਹਨ। ਉਨ੍ਹਾਂ ਨੇ ਪਾਰਟੀ ਦੀ ਹੰਗਾਮੀ ਮੀਟਿੰਗ ਬੁਲਾਈ ਹੈ। ਉਹ ਐਤਵਾਰ ਤਕ ਦੇਸ਼ ਪਰਤ ਸਕਦੇ ਹਨ। ਸਾਲ 2010 ਤੋਂ ਰਾਸ਼ਟਰਪਤੀ ਦੇ ਅਹੁਦੇ ‘ਤੇ ਕਾਬਜ਼ ਬੋਓਟਰਸੀ ਇਸ ਦੱਖਣੀ ਅਮਰੀਕੀ ਦੇਸ਼ ਵਿਚ ਬੀਤੀ ਸਦੀ ਦੇ ਨੌਵੇਂ ਦਹਾਕੇ ਵਿਚ ਫ਼ੌਜੀ ਸਰਕਾਰ ਦੇ ਮੁਖੀ ਸਨ।
1982 ਵਿਚ ਉਨ੍ਹਾਂ ਦੇ ਸ਼ਾਸਨ ਦੌਰਾਨ ਵਕੀਲਾਂ, ਪੱਤਰਕਾਰਾਂ ਅਤੇ ਅਧਿਆਪਕਾਂ ਸਮੇਤ 15 ਵਿਰੋਧੀਆਂ ਦੀ ਹੱਤਿਆ ਕੀਤੀ ਗਈ ਸੀ। ਫ਼ੌਜੀ ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਬੋਓਟਰਸੀ ਦੀ ਨਿਗਰਾਣੀ ਵਿਚ ਵਿਰੋਧੀਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਫ਼ੌਜੀਆਂ ਨੇ ਸਰਕਾਰ ਦੀ ਆਲੋਚਨਾ ਕਰਨ ਵਾਲੇ 16 ਮੁੱਖ ਲੋਕਾਂ ਨੂੰ ਅਗ਼ਵਾ ਕੀਤਾ ਸੀ। ਇਨ੍ਹਾਂ ਵਿਚੋਂ 15 ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਦਕਿ ਇਕ ਟਰੇਡ ਯੂਨੀਅਨ ਆਗੂ ਬੱਚ ਗਿਆ ਸੀ। ਬਾਅਦ ਵਿਚ ਉਸੇ ਆਗੂ ਨੇ ਬੋਓਟਰਸੀ ਖ਼ਿਲਾਫ਼ ਗਵਾਹੀ ਦਿੱਤੀ ਸੀ। 74 ਸਾਲਾ ਬੋਓਟਰਸੀ ਇਸ ਫ਼ੈਸਲੇ ਨੂੰ ਚੁਣੌਤੀ ਦੇ ਸਕਦੇ ਹਨ। ਹਾਲਾਂਕਿ ਉਨ੍ਹਾਂ ਦੇ ਵਕੀਲਾਂ ਵੱਲੋਂ ਅਜੇ ਤਕ ਕੋਈ ਬਿਆਨ ਨਹੀਂ ਆਇਆ ਹੈ।