15 ਅਗਸਤ ਤੱਕ ਕਰੋਨਾ ਵੈਕਸੀਨ ਲਾਂਚ ਕਰਨਾ ‘ਅਸੰਭਵ’: ਆਈਏਸੀਐੱਸ

ਨਵੀਂ ਦਿੱਲੀ (ਸਮਾਜਵੀਕਲੀ) :  ਬੰਗਲੁਰੂ ਸਥਿਤ ਵਿਗਿਆਨੀਆਂ ਦੀ ਸੰਸਥਾ ਇੰਡੀਅਨ ਅਕੈਡਮੀ ਅਾਫ ਸਾਇੰਸਿਜ਼ (ਆਈਏਐੱਸਸੀ) ਦਾ ਕਹਿਣਾ ਹੈ ਕਿ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ਆਈਸੀਐੱਮਆਰ) ਵਲੋਂ 15 ਅਗਸਤ ਨੂੰ ਕਰੋਨਾਵਾਇਰਸ ਵੈਕਸੀਨ ਲਾਂਚ ਕਰਨ ਦਾ ਰੱਖਿਆ ਟੀਚਾ ‘ਅਸੰਭਵ’ ਅਤੇ ‘ਗੈਰ-ਹਕੀਕੀ’ ਹੈ।

ਆਈਏਐੱਸਸੀ ਨੇ ਬਿਆਨ ਰਾਹੀਂ ਕਿਹਾ ਕਿ ਬਿਨਾਂ ਸ਼ੱਕ ਵੈਕਸੀਨ ਦੀ ਬਹੁਤ ਜ਼ਿਆਦਾ ਲੋੜ ਹੈ। ਮਨੁੱਖਾਂ ਲਈ ਵੈਕਸੀਨ ਤਿਆਰ ਕਰਨ ਵਾਸਤੇ ਵਿਗਿਆਨਿਕ ਢੰਗ ਨਾਲ ਪੜਾਅਵਾਰ ਕਲੀਨੀਕਲ ਟਰਾਇਲ ਕੀਤੇ ਜਾਂਦੇ ਹਨ। ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਪ੍ਰਸ਼ਾਸਕੀ ਮਨਜ਼ੂਰੀਆਂ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਸਕਦੀ ਹੈ ਪਰ ਪਰਖ ਲਈ ਵਿਗਿਆਨਿਕ ਪ੍ਰਕਿਰਿਆਵਾਂ ਅਤੇ ਡੇਟਾ ਇਕੱਠਾ ਕਰਨ ਵਿੱਚ ਕੁਦਰਤੀ ਤੌਰ ’ਤੇ ਸਮਾਂ ਲੱਗਦਾ ਹੈ, ਜਿਸ ਨੂੰ ਸਖ਼ਤ ਵਿਗਿਆਨਿਕ ਮਾਪਦੰਡਾਂ ਨਾਲ ਸਮਝੌਤਾ ਕੀਤੇ ਬਿਨਾਂ ਘਟਾਇਆ ਨਹੀਂ ਜਾ ਸਕਦਾ। ਬਿਆਨ ਵਿੱਚ ਆਈਏਐੱਸਸੀ ਨੇ ਆਈਸੀਐੱਮਆਰ ਦੇ ਪੱਤਰ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਊਹ 15 ਅਗਸਤ ਤੱਕ ਸਾਰੇ ਕਲੀਨਿਕਲ ਟਰਾਇਲਾਂ ਤੋਂ ਬਾਅਦ ਵੈਕਸੀਨ ਨੂੰ ਆਮ ਜਨਤਾ ਦੀ ਵਰਤੋਂ ਲਈ ਲਾਂਚ ਕੀਤੇ ਜਾਣ ਦੀ ਕਲਪਨਾ ਕਰਦੇ ਹਨ।

ਆਈਸੀਐੱਮਆਰ ਅਤੇ ਨਿੱਜੀ ਫਾਰਮਾਸਿਊਟਿਕਲ ਕੰਪਨੀ ਭਾਰਤ ਬਾਇਓਟੈੱਕ ਇੰਡੀਆ ਲਿਮਿਟਡ ਵਲੋਂ ਸਾਂਝੇ ਤੌਰ ’ਤੇ ਕਰੋਨਾਵਾਇਰਸ ਵਿਰੁਧ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ। ਬਿਆਨ ਵਿੱਚ ਆਈਏਐੱਸਸੀ ਨੇ ਵੈਕਸੀਨ ਦੇ ਵਿਕਾਸ ਦਾ ਸਵਾਗਤ ਕੀਤਾ ਹੈ ਅਤੇ ਊਮੀਦ ਕੀਤੀ ਹੈ ਕਿ ਵੈਕਸੀਨ ਜਲਦੀ ਆਮ ਜਨਤਾ ਦੀ ਵਰਤੋਂ ਲਈ ਤਿਆਰ ਹੋਵੇ। ਬਿਆਨ ਵਿੱਚ ਕਿਹਾ ਗਿਆ ਹੈ, ‘‘ ਵਿਗਿਆਨੀਆਂ ਦੀ ਸੰਸਥਾ ਹੋਣ ਕਾਰਨ- ਜਿਸ ਦੇ ਆਪਣੇ ਬਹੁਤ ਸਾਰੇ ਵਿਗਿਆਨੀ ਵੈਕਸੀਨ ਤਿਆਰ ਕਰਨ ਵਿੱਚ ਜੁਟੇ ਹੋਏ ਹਨ- ਆਈਏਐੱਸਸੀ ਦਾ ਮੰਨਣਾ ਹੈ ਕਿ ਐਲਾਨੀ ਗਈ ਸਮਾਂ ਸੀਮਾ ਅਸੰਭਵ ਹੈ। ਇਸ ਸਮਾਂ ਸੀਮਾ ਕਾਰਨ ਸਾਡੇ ਨਾਗਰਿਕਾਂ ਦੇ ਮਨਾਂ ਵਿੱਚ ਗੈਰ-ਹਕੀਕੀ ਆਸਾਂ ਅਤੇ ਊਮੀਦਾਂ ਵਧ ਗਈਆਂ ਹਨ।’’

Previous articleਕੋਵਿਡ-19 ਵੈਕਸੀਨ ਤਿਆਰ ਕਰਨ ਲਈ ਕੋਈ ਡੈੱਡਲਾਈਨ ਨਹੀਂ: ਆਈਸੀਐੱਮਆਰ
Next articleਭੀਮਾ ਕੋਰੇਗਾਓਂ: ਸੁਪਰੀਮ ਕੋਰਟ ਵੱਲੋਂ ਦਿੱਲੀ ਹਾਈ ਕੋਰਟ ਦਾ ਹੁਕਮ ਖ਼ਾਰਜ