ਇਹ ਕੀ ਤੋਂ ਕੀ!

ਡਾ ਮੇਹਰ ਮਾਣਕ

(ਸਮਾਜ ਵੀਕਲੀ)

 

ਇਹ ਕੀ ਤੋਂ ਕੀ
ਹੋ ਰਿਹਾ ਹੈ
ਇਨਸਾਨ ਆਪਣਾਂ ਵਜ਼ੂਦ
ਖੋ ਰਿਹਾ ਹੈ
ਸਮਝ ਸੂਝ ਨੂੰ ਉਤਾਰ
ਖਰੂਦ ਦਾ ਖ਼ੁਮਾਰ
ਸ਼ਿਖਰਾਂ ਨੂੰ
ਛੋਹ ਰਿਹਾ ਹੈ
ਘੁੱਗ ਵਸਦੇ ਸ਼ਹਿਰ
ਝੇਲ ਰਹੇ ਨੇ ਕਹਿਰ
ਅੱਠੋ ਪਹਿਰ
ਸਿਰਾਂ ਤੇ
ਅਣਕਿਆਸੀ ਮੌਤ
ਗੂੰਜਦੀ ਹੈ
ਬੇਕਸੂਰ ਮਸੂਮ ਜਿਹੇ
ਮਨਾਂ ਤੋਂ
ਹਰ ਪਲ਼
ਚੈਨ ਹੂੰਝਦੀ ਹੈ।

ਹੜਦੁੰਗ ਦਾ ਤੂਫਾਨ
ਕਰ ਰਿਹਾ ਘਾਣ
ਹਰ ਅਸੂਲ
ਹਰ ਕਦਰ ਦਾ
ਇਹ ਸਭਿਅਤਾ ਨੂੰ
ਕੌਣ ਜੰਗਲੀ
ਬਣਾ ਗਿਆ ਹੈ
ਕੌਣ ਅਕਲਾਂ ਨੂੰ
ਖਾ ਗਿਆ ਹੈ
ਇੱਕੋ ਲਖਤ
ਨਹੀਂ ਪਲਟਦੇ ਵਕਤ
ਬੜਾ ਕੁੱਝ
ਸਕੀਮ ਨਾਲ
ਪਰਤ ਦਰ ਪਰਤ
ਹੋਇਆ ਹੈ
ਬਦਲ ਦਿੱਤੀ ਗਈ ਹੈ ਕੁੱਖ
ਇਹ ਮਨੁੱਖ
ਜੰਗਲ ‘ਚ
ਅੰਨ੍ਹੀ ਹਿੰਸਾ ਦੇ ਦੰਗਲ ‘ਚ
ਇਸੇ ਲਈ ਹੀ ਤਾਂ
ਜਾ ਖਲੋਇਆ ਹੈ
ਜਿੱਥੇ ਅਕਲ ਦੀ ਥਾਂ
ਸ਼ਕਲ ਨਕਲ ਭਾਰੂ ਹੈ
ਹਰ ਕੋਈ ਮਰਨ ਮਾਰਨ ‘ਤੇ
ਉਤਾਰੂ ਹੈ
ਆਪਣੇ ਗੈਰ ਦੀ
ਕਿਸੇ ਨੂੰ
ਪਛਾਣ ਨਹੀਂ ਰਹੀ
ਕੋਈ ਆਣ ਕਾਂਣ ਨਹੀਂ ਰਹੀ
ਹੰਕਾਰ ਧੌਂਸ
ਕਿਸੇ ਨੂੰ ਪਛਾਣ ਨਹੀਂ ਰਹੀ
ਬੇਵਸੀਆਂ ਲਾਚਾਰੀਆਂ
ਭੁੱਖ ਨੰਗ
ਨਹੀਂ ਜਾਂਣਦੇ ਹੁੰਦੇ
ਅਕਲੋਂ ਸੱਖਣੇ ਮਲੰਗ
ਆਪਣਿਆਂ ਤੋ ਹੀ ਖਿਲਾਫ
ਅੰਨ੍ਹੀ ਜੰਗ
ਬੜੀ ਸੂਤ ਬੈਠਦੀ ਹੈ
ਧਾੜਵੀਆਂ ਨੂੰ
ਉਨ੍ਹਾਂ ਲਈ
ਇਹ ਸੁਨਿਹਰੀ ਮੌਕਾ
ਹੁੰਦਾ ਹੈ
ਜਦੋਂ ਦਰਾਂ ਤੇ
ਲਗਦਾ ਕੁੰਡਾ ਹੈ
ਤੇ
ਇਤਹਾਸ ਨੂੰ ਮਧੋਲ਼ ਧਰਦਾ
ਸੂਰਮਾਂ ਬਣ ਖੜ੍ਹਦਾ
ਜਦ ਹਰ ਗੁੰਡਾ ਹੈ।

ਆਸ਼ਾਵਾਂ ਦਾ
ਇਹ ਨਵੀਂ ਪੀੜ੍ਹੀ
ਦੀਆਂ ਦਿਸ਼ਾਵਾਂ ਦਾ
ਮੁੱਖ ਦੇਖ ਕੇ
ਰੁਖ਼ ਦੇਖ ਕੇ
ਹਰ ਕੋਈ ਹੈਰਾਨ ਹੈ
ਘੁੱਗ ਵਸਦੀ
ਬਸਤੀ ਜਿਉਂ ਵੀਰਾਨ ਹੈ
ਸੰਜੋਏ ਸੁਪਨਿਆਂ ਦਾ
ਕੋਈ ਦੱਸ ਕੀ ਕਰੇ
ਜਦ ਪੀੜ੍ਹੀ
ਹਜ਼ੂਮ ਦੇ ਹੜ੍ਹ ‘ਚ
ਜਾ ਹੜ੍ਹੇ
ਤੇ ਉਹ ਕੁੱਝ ਕਰੇ
ਜਿਸ ‘ਚ
ਕਿਰਦਾਰ ਇਖ਼ਲਾਕ
ਚੌਰਾਹੇ ‘ਤੇ ਮਰੇ।

ਤੁਸੀਂ ਹੀ ਦੱਸੋ
ਮੈ
ਪੈਰ ਕਿੱਥੇ ਧਰਾਂ
ਸਿਉਂਕ ਜਿਹੀਆਂ ਖਾਹਿਸ਼ਾਂ
ਸੂਰਜਾਂ ਨੂੰ ਖਾ ਗਈਆਂ
ਸਮੁੰਦਰ ਪੀ ਗਈਆਂ
ਧਰਤੀ ਖਿੰਡਾਅ ਗਈਆਂ
ਹੱਥਾਂ ‘ਤੇ ਸਰੋਂ ਜਮਾ ਗਈਆਂ
ਅਜ਼ੀਬ ਜਿਹਾ ਖੌਫ
ਤੇ ਸੰਨਾਟਾ ਹੈ
ਬੜਾ ਟੇਢਾ
ਸਵਾਲ ਆਣ ਖਲੋਇਆ
ਉਨ੍ਹਾਂ ਸੱਥਾਂ ਦਾ
ਮੱਤਾਂ ਦਾ
ਕੀ ਹੋਇਆ
ਜੋ ਜਾਮਨ ਸਨ
ਸੋਹਣੇ ਸਮਾਜ ਦੀ
ਸਿਰਜਣਾ ਲਈ
ਬੇਖੌਫ ਲੁੱਟ ਮਾਰ
ਸਭ ਕੁੱਝ ਧਰੇਗੀ ਖਿਲਾਰ
ਤੇ
ਕੌਣ ਚੁੱਕੇਗਾ ਭਾਰ
ਇਨ੍ਹਾਂ ਅੰਨ੍ਹੇ ਸਮਿਆਂ ਦਾ।

ਡਾ ਮੇਹਰ ਮਾਣਕ

 

Previous articleਗੀਤ
Next articlePak national trying to intrude into India arrested in Punjab’s Ferozepur sector