ਬਠਿੰਡਾ (ਸਮਾਜ ਵੀਕਲੀ) (ਅਮਰਜੀਤ ਸਿੰਘ ਜੀਤ) ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਅਤੇ ਮਿਊਂਸਪਲ ਕਾਰਪੋਰੇਸ਼ਨ ਬਠਿੰਡਾ ਦੇ ਸਹਿਯੋਗ ਨਾਲ ਚੱਲ ਰਹੇ । 14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਸੱਤਵੇਂ ਦਿਨ ਨਾਟਕ ‘ਉਜਬਕ ਰਾਜਾ’ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਖੇਡਿਆ ਗਿਆ ਜਿਸਦਾ ਸ਼ੋਅ ਹਾਊਸਫੁੱਲ ਰਿਹਾ। ਅਲਕਨੰਦਨ ਵੱਲੋਂ ਲਿਖੇ ਇਸ ਨਾਟਕ ਨੂੰ ਰੰਗ ਆਧਾਰ ਨਿਊ ਉੱਥਾਨ ਥੀਏਟਰ ਗਰੁੱਪ, ਕੁਰੂਕਸ਼ੇਤਰ ਦੀ ਟੀਮ ਨੇ ਵਿਕਾਸ ਸ਼ਰਮਾ ਦੇ ਨਿਰਦੇਸ਼ਨ ਹੇਠ ਪੇਸ਼ ਕੀਤਾ। ਇਸ ਵਿਅੰਗਮਈ ਨਾਟਕ ਵਿੱਚ ਦਰਸਾਇਆ ਗਿਆ ਕਿ ਕਿਵੇਂ ਸਾਡੇ ਹੁਕਮਰਾਨ ਮਲਟੀਨੈਸ਼ਨਲ ਕੰਪਨੀਆਂ ਦੇ ਫੋਕੇ ਪ੍ਰਭਾਵ ਹੇਠ ਆ ਕੇ ਆਮ ਲੋਕਾਂ ਦੇ ਟੈਕਸ ਤੋਂ ਇੱਕਠਾ ਕੀਤਾ ਪੈਸਾ ਆਪਣੀਆਂ ਮੂਰਖ ਨੀਤੀਆਂ ਰਾਹੀਂ ਉਡਾ ਰਹੇ ਹਨ। ਨਾਟਕ ਦੀ ਕਹਾਣੀ ਤੇ ਅਦਾਕਾਰ ਦੇ ਬਾ-ਕਮਾਲ ਅਭਿਨੈ ਨੇ ਦਰਸ਼ਕਾਂ ਨੂੰ ਅੰਤ ਤੱਕ ਸੀਟਾਂ ਨਾਲ਼ ਜੋੜੀ ਰੱਖਿਆ ਅਤੇ ਹਾਲ ਤਾੜੀਆਂ ਨਾਲ ਗੂੰਜਦਾ ਰਿਹਾ। 14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਸੱਤਵੇਂ ਦਿਨ ਦਿਨ ਸਤਿਕਾਰਿਤ ਮਹਿਮਾਨਾਂ ਵਜੋਂ ਸ਼੍ਰੀ ਵਰਿੰਦਰ ਅਗਰਵਾਲ ਮਾਣਯੋਗ ਜੱਜ ਸਾਹਿਬ ਪੰਜਾਬ ਅਤੇ ਹਰਿਆਣਾ ਹਾਈਕੋਰਟ, ਸ਼੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਡਿਪਟੀ ਕਮਿਸ਼ਨਰ ਬਠਿੰਡਾ, ਸ਼੍ਰੀ ਰਾਕੇਸ਼ ਗੁਪਤਾ ਸੈਸ਼ਨ ਜੱਜ ਬਰਨਾਲਾ, ਸ. ਗੁਰਮੀਤ ਸਿੰਘ ਧਾਲੀਵਾਲ ਐਮ.ਡੀ. ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼, ਸ਼੍ਰੀ ਵਿਜੇ ਰਾਜ ਜਿੰਦਲ ਚਾਰਟਡ ਅਕਾਊਂਟੈਂਟ ਅਤੇ ਡਾ. ਰਵੀ ਕੰਬੋਜ ਐਮ.ਡੀ. ਕੰਬੋਜ ਹਸਪਤਾਲ ਸ਼ਾਮਿਲ ਹੋਏ। ਨਾਟਿਅਮ ਦੇ ਸਰਪ੍ਰਸਤ
ਡਾ.ਕਸ਼ਿਸ਼ ਗੁਪਤਾ ,ਡਾ. ਪੂਜਾ ਗੁਪਤਾ ਅਤੇ ਡਾ. ਵਿਤੁਲ ਗੁਪਤਾ ਨੇ ਸਾਂਝੇ ਤੌਰ ‘ਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ। ਇਸ ਮੌਕੇ ਬੋਲਦਿਆਂ ਡੀ.ਸੀ. ਬਠਿੰਡਾ ਸ਼੍ਰੀ ਰਾਜੇਸ਼ ਧੀਮਾਨ ਨੇ ਪਿਛਲੇ 14 ਸਾਲਾਂ ਤੋਂ ਲਗਾਤਾਰ ਨਾਟਿਅਮ ਪੰਜਾਬ ਵੱਲੋਂ ਨਾਟ-ਉਤਸਵ ਦੇ ਇਸ ਹੰਭਲੇ ਦੀ ਸ਼ਲਾਘਾ ਕਰਦੇ ਹੋਏ ਨਾਟਿਅਮ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ, ਡਾਇਰੈਕਟਰ ਕੀਰਤੀ ਕਿਰਪਾਲ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨਾਟਿਅਮ ਟੀਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦੀ ਵਚਨਬੱਧਤਾ ਦੁਹਰਾਈ । ਸ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਉਨ੍ਹਾਂ ਦਾ ਨਾਟਿਅਮ ਟੀਮ ਨਾਲ਼ ਰਿਸ਼ਤਾ ਬਹੁਤ ਪੁਰਾਣਾ ਹੈ ਅਤੇ ਉਹ ਨਾਟ-ਕਲਾ ਨੂੰ ਜਿਉਂਦਾ ਰੱਖਣ ਲਈ ਹਰ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਹਨ। ਅੰਤ ਵਿੱਚ ਨਾਟਿਅਮ ਡਾਇਰੈਕਟਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਸਮੂਹ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ 15 ਦਿਨਾਂ ਇਸ ਨਾਟ-ਉਤਸਵ ਵਿੱਚ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਲਈ ਅਪੀਲ ਕੀਤੀ ।ਉਨ੍ਹਾਂ ਦੱਸਿਆ ਨਾਟ-ਉਤਸਵ ਦੌਰਾਨ 7:00 ਤੋਂ 7:40 ਤੱਕ ਓਪਨ ਮਾਈਕ ਅਤੇ ਇਸ ਤੋਂ ਬਾਅਦ 7:40 ‘ਤੇ ਨਾਟਕ ਸ਼ੁਰੂ ਹੋਵੇਗਾ। ਇਸ ਥੀਏਟਰ ਫੈਸਟੀਵਲ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਨਾਟ-ਮੰਡਲੀਆਂ 15 ਨਾਟਕ ਪੇਸ਼ ਕਰ ਰਹੀਆਂ ਨੇ ਅਤੇ ਹਰ ਨਾਟਕ ਦਾ ਰੰਗ ਵੇਖਣਯੋਗ ਹੈ ।ਮੰਚ ਸੰਚਾਲਕ ਦੀ ਭੂਮਿਕਾ ਡਾ. ਸੰਦੀਪ ਸਿੰਘ ਮੋਹਲਾਂ ਅਤੇ ਸ਼੍ਰੀ ਗੁਰਮੀਤ ਧੀਮਾਨ ਨੇ ਸਾਂਝੇ ਰੂਪ ‘ਚ ਨਿਭਾਈ ਨੇ। ਇਸ ਦੌਰਾਨ ਸ਼੍ਰੀ ਨੀਰਜ ਸਿੰਗਲਾ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਰਜਿੰਦਰ ਮਿੱਤਲ ਬੀ.ਸੀ. ਐਲ. ਇੰਡਸਟਰੀਜ਼, ਮੈਡਮ ਮਮਤਾ ਖੁਰਾਣਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਠਿੰਡਾ, ਫਤਿਹ ਗਰੁੱਪ ਤੋਂ ਸੁਖਮੰਦਰ ਸਿੰਘ ਚੱਠਾ, ਨਾਟਿਅਮ ਦੇ ਪ੍ਰਧਾਨ ਰਿੰਪੀ ਕਾਲੜਾ, ਈਵੈਂਟ ਕੋਆਰਡੀਨੇਟਰ ਗੁਰਨੂਰ ਸਿੰਘ,ਆਰ. ਪੀ. ਸੀ. ਕਾਲਜ ਬਠਿੰਡਾ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ, ਪ੍ਰਿੰਸੀਪਲ ਡਾ. ਜਸਪਾਲ ਰੋਮਾਣਾ,ਸਮੂਹ ਅਦਾਕਾਰ ਨਾਟਿਅਮ ਗਰੁੱਪ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਮੌਜੂਦ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



