12ਵੀਂ ਦੀ ਪ੍ਰੀਖਿਆ: ਸੀਬੀਐੱਸਈ ਅਤੇ ਆਈਸੀਐੱਸਈ ਨੇ ਸੁਪਰੀਮ ਕੋਰਟ ਨੂੰ ਮੁਲਾਂਕਣ ਯੋਜਨਾ ’ਚ ਸੋਧ ਬਾਰੇ ਜਾਣੂ ਕਰਵਾਇਆ

ਨਵੀਂ ਦਿੱਲੀ (ਸਮਾਜ ਵੀਕਲੀ):  ਸੀਬੀਐੱਸਈ ਅਤੇ ਸੀਆਈਸੀਐੱਸਈ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਨ੍ਹਾਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਮੁਲਾਂਕਣ ਯੋਜਨਾ ’ਚ ਸੋਧ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਯੋਜਨਾ ’ਚ ਸ਼ਿਕਾਇਤ ਨਿਵਾਰਣ ਢਾਂਚਾ ਵੀ ਬਣਾਇਆ ਗਿਆ ਹੈ। ਸੀਬੀਐੱਸਈ ਨੇ ਕਿਹਾ ਕਿ ਨਤੀਜਿਆਂ ਬਾਰੇ ਜੇਕਰ ਕੋਈ ਵਿਵਾਦ ਹੋਇਆ ਤਾਂ ਇਹ ਬੋਰਡ ਵੱਲੋਂ ਬਣਾਈ ਗਈ ਕਮੇਟੀ ਹਵਾਲੇ ਕੀਤਾ ਜਾਵੇਗਾ। ਨਤੀਜੇ ਦੇ ਐਲਾਨ ਮਗਰੋਂ ਜੇਕਰ ਕੋਈ ਵਿਦਿਆਰਥੀ ਸੰਤੁਸ਼ਟ ਨਾ ਹੋਇਆ ਤਾਂ ਸੀਬੀਐੱਸਈ ਪ੍ਰੀਖਿਆ ਲਈ ਰਜਿਸਟਰੇਸ਼ਨ ਵਾਸਤੇ ਆਨਲਾਈਨ ਸਹੂਲਤ ਪ੍ਰਦਾਨ ਕਰੇਗਾ।

ਸੀਬੀਐੱਸਈ ਨੇ ਸਿਖਰਲੀ ਅਦਾਲਤ ’ਚ ਦਾਖ਼ਲ ਹਲਫ਼ਨਾਮੇ ’ਚ ਕਿਹਾ ਹੈ ਕਿ ਜਦੋਂ ਵੀ ਪ੍ਰੀਖਿਆ ਲਈ ਹਾਲਾਤ ਸੁਖਾਵੇਂ ਹੋਏ ਤਾਂ ਸਿਰਫ਼ ਮੁੱਖ ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ ਅਤੇ ਜਿਹੜੇ ਵਿਦਿਆਰਥੀ ਇਹ ਪ੍ਰੀਖਿਆ ਦੇਣਗੇ, ਉਨ੍ਹਾਂ ਵੱਲੋਂ ਲਏ ਗਏ ਨੰਬਰ ਹੀ ਨਤੀਜਿਆਂ ’ਚ ਜੋੜੇ ਜਾਣਗੇ। ਮੁਲਾਂਕਣ ਯੋਜਨਾ ਤੋਂ ਜਿਹੜੇ ਵਿਦਿਆਰਥੀ ਸੰਤੁਸ਼ਟ ਨਹੀਂ ਹਨ, ਅਜਿਹੇ ਵਿਦਿਆਰਥੀਆਂ ਲਈ ਪ੍ਰੀਖਿਆਵਾਂ 15 ਅਗਸਤ ਤੋਂ 15 ਸਤੰਬਰ ਦੇ ਵਿਚਕਾਰ ਕਰਵਾਈਆਂ ਜਾਣਗੀਆਂ। ਪ੍ਰਾਈਵੇਟ ਜਾਂ ਕੰਪਾਰਟਮੈਂਟ ਦੇ ਦੂਜੇ ਚਾਂਸ ਵਾਲੇ ਵਿਦਿਆਰਥੀਆਂ ਬਾਰੇ ਸੀਬੀਐੱਸਈ ਨੇ ਕਿਹਾ ਕਿ ਉਨ੍ਹਾਂ ਦੀਆਂ ਪ੍ਰੀਖਿਆਵਾਂ ਇਸ ਢੰਗ ਨਾਲ ਲਈਆਂ ਜਾਣਗੀਆਂ ਕਿ ਉਨ੍ਹਾਂ ਦੀ ਮੁਲਾਂਕਣ ਨੀਤੀ 2019-20 ਵਰ੍ਹੇ ਤਹਿਤ ਆਉਣ ਜਿਸ ਦੀ ਸਿਖਰਲੀ ਅਦਾਲਤ ਨੇ ਪਿਛਲੇ ਵਰ੍ਹੇ ਪ੍ਰਵਾਨਗੀ ਦਿੱਤੀ ਸੀ।

ਉਨ੍ਹਾਂ ਦੇ ਨਤੀਜੇ ਮੁਲਾਂਕਣ ਨੀਤੀ ਅਨੁਸਾਰ ਐਲਾਨੇ ਜਾਣਗੇ। ਉਨ੍ਹਾਂ ਦੀਆਂ ਪ੍ਰੀਖਿਆਵਾਂ ਵੀ ਮਾਹੌਲ ਸੁਖਾਵਾਂ ਹੋਣ ’ਤੇ 15 ਅਗਸਤ ਤੋਂ 15 ਸਤੰਬਰ ਦੇ ਵਿਚਕਾਰ ਕਰਵਾਈਆਂ ਜਾ ਸਕਦੀਆਂ ਹਨ। ਸੀਆਈਐੱਸਸੀਈ ਨੇ ਵੀ ਹਲਫ਼ਨਾਮਾ ਦਾਖ਼ਲ ਕਰਦਿਆਂ ਕਿਹਾ ਹੈ ਕਿ ਉਸ ਨੇ ਵੀ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਮੁਲਾਂਕਣ ਯੋਜਨਾ ’ਚ ਸੋਧ ਕੀਤੀ ਹੈ। ਉਨ੍ਹਾਂ ਕਿਹਾ ਕਿ ਸੀਆਈਐੱਸਸੀਈ ਨਤੀਜੇ ਤੇਜ਼ੀ ਨਾਲ ਪ੍ਰਕਾਸ਼ਿਤ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਇਹ 31 ਜੁਲਾਈ ਜਾਂ ਉਸ ਤੋਂ ਪਹਿਲਾਂ ਆ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਨਤੀਜੇ ’ਚ ਆਏ ਨੰਬਰਾਂ ’ਤੇ ਕੋਈ ਇਤਰਾਜ਼ ਹੈ ਤਾਂ ਉਹ ਸਕੂਲ ਨੂੰ ਅਰਜ਼ੀ ਲਿਖ ਕੇ ਜਾਣਕਾਰੀ ਦੇ ਸਕਦਾ ਹੈ ਅਤੇ ਸਕੂਲ ਪੂਰੀ ਜਾਣਕਾਰੀ ਅਤੇ ਵੇਰਵਿਆਂ ਨਾਲ ਅੱਗੇ ਅਰਜ਼ੀ ਬੋਰਡ ਨੂੰ ਨਤੀਜਿਆਂ ਦੇ ਐਲਾਨ ਦੇ ਸੱਤ ਦਿਨਾਂ ਦੇ ਅੰਦਰ ਭੇਜੇਗਾ। ਬੋਰਡ ਸਿੱਧੀ ਕਿਸੇ ਵੀ ਅਰਜ਼ੀ ’ਤੇ ਵਿਚਾਰ ਨਹੀਂ ਕਰੇਗਾ। ਉਨ੍ਹਾਂ ਸ਼ਿਕਾਇਤ ਨਿਵਾਰਣ ਕਮੇਟੀ ਦੇ ਗਠਨ ਦਾ ਵੀ ਭਰੋਸਾ ਦਿੱਤਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁੰਵਰ ਵਿਜੈ ਪ੍ਰਤਾਪ ‘ਆਪ’ ਵਿੱਚ ਸ਼ਾਮਲ
Next articleਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ‘ਧਾਰਮਿਕ ਸੀਟਾਂ’ ਬਾਰੇ ਟਿੱਪਣੀ ਲਈ ‘ਬਿਨਾਂ ਸ਼ਰਤ’ ਮੁਆਫ਼ੀ ਮੰਗੀ