HOME ਢੰਗਰਾਲੀ ਸਕੂਲ ਦਾ 10 ਰੋਜ਼ਾ ਸਮਰ ਕੈਂਪ ਸਮਾਪਤ

ਢੰਗਰਾਲੀ ਸਕੂਲ ਦਾ 10 ਰੋਜ਼ਾ ਸਮਰ ਕੈਂਪ ਸਮਾਪਤ

23

ਵਿਦਿਆਰਥੀਆਂ ਨੂੰ ਖੇਡਾਂ ਤੇ ਯੋਗ ਰਾਹੀਂ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੁਨੇਹਾ

ਮੋਰਿੰਡਾ   (ਸਮਾਜ ਵੀਕਲੀ)   (ਸੁਖਵਿੰਦਰ ਸਿੰਘ ਹੈਪੀ)– ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਢੰਗਰਾਲੀ ਵਿਖੇ ਪਿਛਲੇ ਦਸ ਦਿਨਾਂ ਤੋਂ ਚੱਲ ਰਿਹਾ ਗਰਮੀਆਂ ਦਾ ਖੇਡ ਕੈਂਪ ਅੱਜ ਸਫਲਤਾਪੂਰਵਕ ਸਮਾਪਤ ਹੋ ਗਿਆ। 1 ਜੂਨ ਤੋਂ 10 ਜੂਨ ਤੱਕ ਲੱਗੇ ਇਸ ਵਿਸ਼ੇਸ਼ ਸਮਰ ਕੈਂਪ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਣਾ ਸੀ। ਇਹ ਕੈਂਪ ਪ੍ਰਿੰਸੀਪਲ ਸੁਰਿੰਦਰ ਪਾਲ ਕੌਰ ਹੀਰਾ ਦੀ ਯੋਗ ਅਗਵਾਈ ਹੇਠ ਸਕੂਲ ਦੇ ਡੀ.ਪੀ.ਈ. ਅਮਨਦੀਪ ਸਿੰਘ ਵੱਲੋਂ ਲਗਾਇਆ ਗਿਆ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸਰੀਰਕ ਤੰਦਰੁਸਤੀ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਰੋਜ਼ਾਨਾ ਸਵੇਰੇ 6 ਵਜੇ ਤੋਂ 8 ਵਜੇ ਤੱਕ ਚੱਲਣ ਵਾਲੇ ਇਸ ਕੈਂਪ ਵਿੱਚ ਬੱਚਿਆਂ ਨੂੰ ਸਰੀਰ ਮਜ਼ਬੂਤ ਕਰਨ ਵਾਲੀਆਂ ਕਸਰਤਾਂ, ਲਚਕ ਵਧਾਉਣ ਵਾਲੇ ਅਭਿਆਸ, ਸਹਿਣਸ਼ਕਤੀ ਤੇ ਦਮ ਵਧਾਉਣ ਦੀਆਂ ਕਸਰਤਾਂ ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਯੋਗ ਆਸਣ, ਪੰਜਾਬ ਦੀ ਵਿਰਾਸਤੀ ਖੇਡ ਗੱਤਕਾ, ਫੁੱਟਬਾਲ ਅਤੇ ਕਬੱਡੀ ਦੀ ਵੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ। ਕੋਚ ਅਮਨਦੀਪ ਸਿੰਘ ਨੇ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਉਨ੍ਹਾਂ ਨੂੰ ਅਨੁਸ਼ਾਸਨ, ਟੀਮ ਭਾਵਨਾ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਹਰ ਰੋਜ਼ ਕੈਂਪ ਦੀ ਸਮਾਪਤੀ ਤੋਂ ਬਾਅਦ ਸਾਰੇ ਭਾਗ ਲੈਣ ਵਾਲੇ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ। ਇਸ ਉਪਰਾਲੇ ਦੀ ਪਿੰਡ ਪੱਧਰ ‘ਤੇ ਵੀ ਭਰਪੂਰ ਸ਼ਲਾਘਾ ਹੋਈ। ਪਿੰਡ ਢੰਗਰਾਲੀ ਦੇ ਸਰਪੰਚ ਰਣਦੀਪ ਸਿੰਘ ਅਤੇ ਹੋਰ ਪਤਵੰਤਿਆਂ ਨੇ ਕਿਹਾ ਕਿ ਸਕੂਲ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਨੌਜਵਾਨ ਨਸ਼ਿਆਂ ਅਤੇ ਮੋਬਾਈਲ ਦੇ ਆਦੀ ਹੋ ਰਹੇ ਹਨ, ਅਜਿਹੇ ਕੈਂਪ ਉਨ੍ਹਾਂ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਕੈਂਪ ਹਰ ਪਿੰਡ ਵਿੱਚ ਲਗਾਉਣੇ ਚਾਹੀਦੇ ਹਨ ਤਾਂ ਜੋ ਵੱਧ ਤੋਂ ਵੱਧ ਬੱਚੇ ਖੇਡਾਂ ਨਾਲ ਜੁੜ ਸਕਣ। ਪਿੰਡ ਵਾਸੀਆਂ ਨੇ ਡੀ.ਪੀ.ਈ. ਅਮਨਦੀਪ ਸਿੰਘ ਦੀ ਮਿਹਨਤ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਬੱਚਿਆਂ ਦੇ ਭਵਿੱਖ ਲਈ ਹਮੇਸ਼ਾ ਤਤਪਰ ਰਹਿੰਦੇ ਹਨ ਅਤੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਸਦਾ ਤਿਆਰ ਰਹਿੰਦੇ ਹਨ। ਦਸ ਦਿਨਾਂ ਤੱਕ ਚੱਲੇ ਇਸ ਕੈਂਪ ਵਿੱਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਅੱਜ ਇਸ ਦੀ ਸਮਾਪਤੀ ਮੌਕੇ ਬੱਚਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹੋਨਵੀਰ ਰੰਧਾਵਾ ਨੇ ਸਰੀ ਦੀਆਂ ਜਨਤਕ ਥਾਵਾਂ ਤੇ ਵਾਸ਼ਰੂਮ ਬਣਾਉਣ ਦਾ ਵਾਅਦਾ ਦੁਹਰਾਇਆ
Next articleਅਨਮਜੋਤ ਕੌਰ ਐਸ.ਡੀ.ਐਮ ਨਵਾਂਸ਼ਹਿਰ ਨੇ ਪਿੰਡ ਦੁਪਾਲਪੁਰ ਨਿਵਾਸੀ ਕੈਪਟਨ ਸਤਨਾਮ ਸਿੰਘ ਨੂੰ ਦਿੱਤਾ ਆਈ-ਕਾਰਡ