ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ’ਤੇ ਹਮਲੇ ਤੇਜ਼ ਕਰਦਿਆਂ ਕਿਹਾ ਹੈ ਕਿ ਉਹ ਮੁਲਕ ਦੀ ਰਾਸ਼ਟਰਪਤੀ ਬਣਨ ਦੇ ਲਾਇਕ ਨਹੀਂ ਹੈ। ਨਿਊ ਹੈਂਪਸ਼ਾਇਰ ’ਚ ਰਿਪਬਲਿਕਨਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਕਿਸੇ ਮਹਿਲਾ ਉਮੀਦਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਹਮਾਇਤ ਦੇਣ ਨੂੰ ਤਿਆਰ ਹਨ ਅਤੇ ਸੁਝਾਅ ਦਿੱਤਾ ਕਿ ਅਹੁਦੇ ਲਈ ਉਨ੍ਹਾਂ ਦੀ ਧੀ ਇਵਾਂਕਾ ਟਰੰਪ ਬਿਹਤਰ ਉਮੀਦਵਾਰ ਸਾਬਿਤ ਹੋਵੇਗੀ।
ਹੈਰਿਸ (55) ਪਿਛਲੇ ਸਾਲ ਤੱਕ ਰਾਸ਼ਟਰਪਤੀ ਚੋਣ ਲੜਨ ਦੇ ਦਾਅਵੇਦਾਰਾਂ ’ਚੋਂ ਇਕ ਸੀ ਪਰ ਉਹ ਹਮਾਇਤ ਨਾ ਮਿਲਣ ਕਾਰਨ ਦੌੜ ’ਚੋਂ ਬਾਹਰ ਹੋ ਗਈ ਸੀ। ਹੁਣ ਰਾਸ਼ਟਰਪਤੀ ਅਹੁਦੇ ਦੇ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਵੱਲੋਂ ਕਮਲਾ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਊਮੀਦਵਾਰ ਚੁਣਨ ਕਾਰਨ ਉਹ ਮੁੜ ਸੁਰਖੀਆਂ ’ਚ ਆ ਗਈ ਹੈ। ਬਾਇਡਨ ’ਤੇ ਹਮਲਾ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਧੁਰ ਸਮਾਜਵਾਦੀਆਂ ਅਤੇ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਅਮਰੀਕਾ ਨੂੰ ਤਬਾਹ ਕਰਨ ਦੇ ਰਾਹ ਪੈ ਗਿਆ ਹੈ।