ਵਾਦੀ ਦੇ ਕਈ ਇਲਾਕਿਆਂ ਵਿਚ ਦਿਨ ਸਮੇਂ ਕਰਫਿਊ ’ਚ ਢਿੱਲ

ਕੇਂਦਰ ਸਰਕਾਰ ਵੱਲੋਂ ਧਾਰਾ 370 ਹਟਾਉਣ ਦੇ 30 ਦਿਨ ਬਾਅਦ ਵਾਦੀ ਦੇ ਕਾਫ਼ੀ ਹਿੱਸੇ ਵਿਚ ਦਿਨ ਸਮੇਂ ਕਰਫਿਊ ਵਿਚ ਢਿੱਲ ਦਿੱਤੀ ਗਈ। ਇਸ ਦੇ ਨਾਲ ਹੀ ਬਾਜ਼ਾਰ ਕਰੀਬ ਬੰਦ ਹੀ ਰਹੇ ਤੇ ਜਨਤਕ ਟਰਾਂਸਪੋਰਟ ਵੀ ਠੱਪ ਹੀ ਰਹੀ। ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ 90 ਫ਼ੀਸਦੀ ਹਿੱਸੇ ਵਿਚ ਦਿਨ ਸਮੇਂ ਢਿੱਲ ਦਿੱਤੀ ਗਈ ਹੈ। ਹਾਲਾਤ ਵਿਚ ਸੁਧਾਰ ਦੇਖਦਿਆਂ 92 ਪੁਲੀਸ ਥਾਣਿਆਂ ਅਧੀਨ ਪੈਂਦੇ ਇਲਾਕੇ ਵਿਚ ਵੀ ਪਾਬੰਦੀਆਂ ’ਚ ਢਿੱਲ ਦਿੱਤੀ ਗਈ ਹੈ। ਇਸ ਦੌਰਾਨ ਕਈ ਨਿੱਜੀ ਵਾਹਨ ਸੜਕਾਂ ’ਤੇ ਦੌੜਦੇ ਨਜ਼ਰ ਆਏ। ਇਸ ਦੇ ਨਾਲ ਹੀ ਕੁਝ ਇਲਾਕਿਆਂ ਵਿਚ ਆਟੋ ਰਿਕਸ਼ੇ ਅਤੇ ਦੂਜੇ ਜ਼ਿਲ੍ਹਿਆਂ ਤਕ ਸਵਾਰੀਆਂ ਲਿਜਾਣ ਵਾਲੀਆਂ ਕੈਬਾਂ ਵੀ ਚੱਲਦੀਆਂ ਰਹੀਆਂ। ਅਧਿਕਾਰੀਆਂ ਅਨੁਸਾਰ ਲਾਲ ਚੌਕ, ਟੀਆਰਸੀ ਚੌਕ, ਅਤੇ ਡਲਗੇਟ ਸਣੇ ਸ਼ਹਿਰ ਦੇ ਸਿਵਲ ਲਾਈਨ ਇਲਾਕੇ ਵਿਚ ਕੁਝ ਰੇਹੜੀ ਵਾਲਿਆਂ ਨੇ ਆਪਣੀਆਂ ਦੁਕਾਨਾਂ ਲਾਈਆਂ। ਉਨ੍ਹਾਂ ਕਿਹਾ ਕਿ ਵਾਦੀ ਦੇ ਕਾਫ਼ੀ ਹਿੱਸੇ ਵਿਚੋਂ ਬੈਰੀਕੇਡ ਹਟਾ ਦਿੱਤੇ ਗਏ ਹਨ। ਕਾਨੂੰਨ ਅਤੇ ਸ਼ਾਂਤੀ ਬਣਾਈ ਰੱਖਣ ਲਈ ਇੱਥੇ ਅਜੇ ਸੁਰੱਖਿਆ ਬਲ ਤਾਇਨਾਤ ਹੀ ਰਹਿਣਗੇ। ਉਨ੍ਹਾਂ ਕਿਹਾ ਕਿ 95 ਵਿਚੋਂ 76 ਐਕਚੇਂਜਾਂ ਵਿਚ ਘਰੇਲੂ ਫੋਨ ਚਲਦੇ ਕਰ ਦਿੱਤੇ ਗਏ ਹਨ ਜਦੋਂਕਿ ਲਾਲ ਚੌਕ ਤੇ ਪ੍ਰੈੱਸ ਐਨਕਲੇਵ ਸਣੇ ਕੁਝ ਹੋਰ ਇਲਾਕਿਆਂ ਵਿਚ ਇਹ ਸੇਵਾਵਾਂ ਅਜੇ ਠੱਪ ਹਨ। ਉਨ੍ਹਾਂ ਕਿਹਾ ਕਿ ਕੁਪਵਾੜਾ ਅਤੇ ਹੰਦਵਾੜਾ ਪੁਲੀਸ ਸਟੇਸ਼ਨ ਅਧੀਨ ਪੈਂਦੇ ਇਲਾਕੇ ਨੂੰ ਛੱਡ ਕੇ ਬਾਕੀ ਇਲਾਕੇ ਵਿਚ ਅਜੇ ਬੀਐਸਐਨਐਲ ਬਰਾਡਬੈਂਡ ਸਣੇ ਹੋਰ ਨਿੱਜੀ ਕੰਪਨੀਆਂ ਦੀ ਇੰਟਰਨੈੱਟ ਸੇਵਾ ਫ਼ਿਲਹਾਲ ਬੰਦ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿਚ ਕੰਮਕਾਰ ਸਾਧਾਰਨ ਢੰਗ ਨਾਲ ਚੱਲ ਰਿਹਾ ਹੈ ਅਤੇ ਮੁਲਾਜ਼ਮਾਂ ਦੀ ਹਾਜ਼ਰੀ ਵਿਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਾਦੀ ਵਿਚ 4000 ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਖੁੱਲ੍ਹ ਗਏ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਆਧਿਆਪਕਾਂ ਦੀ ਹਾਜ਼ਰੀ ਵਿਚ ਸੁਧਾਰ ਹੋਇਆ ਹੈ ਜਦੋਂਕਿ ਅਜੇ ਬੱਚਿਆਂ ਦੀ ਗਿਣਤੀ ਘੱਟ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਬੱਚਿਆਂ ਦੀ ਗਿਣਤੀ ਵਿਚ ਵੀ ਸੁਧਾਰ ਹੋਣ ਦੀ ਉਮੀਦ ਹੈ। ਆਪਣਿਆਂ ਨਾਲ ਗੱਲਬਾਤ ਕਰਨ ਲਈ ਅੱਜ ਇੱਥੇ ਪੀਸੀਓ ਬੂਥਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ।

Previous articleDelhi CM for probe into house collapse; 2 dead, 3 hurt
Next articleCongress’ internal bickerings and BJP’s belligerence in MP