ਵਜ਼ੂਦ ਦੀ ਚਿੰਤਾ ਨਹੀਂ
ਹਦੂਦ ਦੀ ਚਿੰਤਾ ਨਹੀਂ
ਟਹਿਕ ਰਿਹਾ ਹਾਂ
ਮਹਿਕ ਰਿਹਾ ਹਾਂ
ਫਰਾਖਦਿਲੀ ਦੀ ਹੱਦ ਤੇ
ਹੁਣ ਤਾਂ ਮੈਨੂੰ ਦੋਸਤਾ
ਮੇਰੇ ਨੇੜੇ ਤੇੜੇ ਡਿੱਗਦੇ
ਬਰੂਦ ਦੀ ਚਿੰਤਾ ਨਹੀਂ।
ਘਰ ਕੀ ਤੇ ਬਾਹਰ ਕੀ
ਕੀ ਵਣੀ,ਬਜ਼ਾਰ ਕੀ
ਕੀ ਨਰ ਤੇ ਨਾਰ ਕੀ
ਕੀ ਜਿੱਤ ਤੇ ਹਾਰ ਕੀ
ਕੋਲ ਪਾਉਂਦੇ ਤਰਨਿਆ ਦੇ
ਖਰੂਦ ਦੀ ਚਿੰਤਾ ਨਹੀਂ।
ਆਪਣੀ ਹੀ ਮਸਤੀ ਵਿਚ ਲਗਦੈ
ਹਾਂ ਕਿਤੇ ਲਬਰੇਜ਼ ਮੈਂ
ਹਾਂ ਰੂਮੀ, ਮਨਸੂਰ ਕਿਧਰੇ
ਹਾਂ ਕਿਤੇ ਤਬਰੇਜ਼ ਮੈਂ
ਨਾ ਮੰਨੇ ਨਾ ਮੰਨਣੇ
ਅਸੂਲ ਤੇਰੇ ਹਾਕਮਾਂ
ਹਾਂ, ਤੇਰੀ ਸਲਤਨਤ ਤੋਂ
ਮਰਦੂਦ ਦੀ ਚਿੰਤਾ ਨਹੀਂ।
ਪਰਵਾਜ਼ ਭਰ ਕੇ ਉਡ ਰਿਹਾ
ਹਾਂ ਖੈਬਰ ਦੇ ਕੋਲ ਮੈਂ
ਨਾ ਸੋਗ ਹਰਖ਼,ਨਾ ਦੁਖ ਹੈ
ਹਾਂ, ਹੁਣ ਰਹਿਬਰ ਦੇ ਕੋਲ ਮੈਂ
ਹਾਂ ਮਸਤ ਤੇ ਮੌਲ ਰਿਹਾ
ਹਾਂ, ਛਹਿਬਰ ਦੇ ਕੋਲ ਮੈਂ
ਛੱਡ ਕੇ ਸੀਮਾਵਾਂ ਉੱਡ ਰਿਹਾਂ
ਮਹਿਦੂਦ ਦੀ ਚਿੰਤਾ ਨਹੀਂ।