ਲੁਧਿਆਣਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਲੁਧਿਆਣਵੀ ਜਿੱਥੇ ਖਾਣ-ਪੀਣ ਦੇ ਸੌਕੀਨ ਹਨ, ਉੱਥੇ ਹੀ ਸਟਾਈਲ ਸਟੇਟਮੈਂਟ ਲਈ ਵੀ ਉਤਸ਼ਾਹਿਤ ਹਨ। ਸ਼ਹਿਰ ਵਾਸੀ ਹਰ ਉਸ ਨਵੇਂ ਬਦਲਾਅ ਨੂੰ ਲੈ ਕੇ ਉਤਸ਼ਾਹਿਤ ਰਹਿੰਦੇ ਹਨ, ਜੋ ਕਿ ਬਾਕੀ ਸ਼ਹਿਰਾਂ ਤੋਂ ਵੱਖਰਾ ਹੋਵੇ। ਇਸੇ ਤਹਿਤ ਸ਼ਹਿਰ ‘ਚ ਇਕ ਨਵੇਂ ਬਦਲ ਮੁਤਾਬਕ ਓਪਨ ਏਅਰ ਸਿਨੇਮਾ ਥੀਏਟਰ ਦੇਖਣ ਨੂੰ ਮਿਲ ਰਿਹਾ ਹੈ। ਨਾਈਟ ਸਟਾਰਜ਼ ਦੇ ਅਧੀਨ 74 ਬਾਏ 32 ਇੰਚ ਦੀ ਸਕਰੀਨ ‘ਤੇ ਬਾਲੀਵੁੱਡ ਅਤੇ ਹਾਲੀਵੁੱਡ ਦੀਆਂ ਫ਼ਿਲਮਾਂ ਦਾ ਮਜ਼ਾ ਲੋਕ ਲੈ ਸਕਣਗੇ।
ਲੋਕ ਕੁਰਸੀਆਂ ‘ਤੇ ਨਹੀਂ, ਸਗੋਂ ਆਪਣੀਆਂ ਕਾਰਾਂ ‘ਚ ਬੈਠ ਕੇ ਫ਼ਿਲਮ ਦੇਖਣ ਦਾ ਆਨੰਦ ਲੈ ਸਕਦੇ ਹਨ। ਇਸ ਓਪਨ ਏਅਰ ਸਿਨੇਮਾ ਥੀਏਟਰ ‘ਚ ਪਹਿਲਾ ਸ਼ੋਅ 4 ਦਸੰਬਰ ਦੀ ਸ਼ਾਮ ਨੂੰ ਸ਼ੁਰੂ ਹੋਵੇਗਾ, ਜਿਸ ‘ਚ ਹਾਲੀਵੁੱਡ ਫਿਲਮ ‘ਟੈਨ ਇਟੀ’ ਦਾ ਸ਼ੋਅ ਹੋਵੇਗਾ। ਇਸ ਓਪਨ ਪੀ. ਵੀ. ਆਰ. ਸਿਨੇਮਾ ‘ਚ 68 ਕਾਰਾਂ ਖੜ੍ਹੀਆਂ ਹੋਣ ਦਾ ਬੰਦੋਬਸਤ ਹੈ। ਇਸ ਨਵੇਂ ਬਦਲ ਨੂੰ ਲਿਆਉਣ ਵਾਲੇ ਸਚਿਨ ਕਪੂਰ ਨੇ ਦੱਸਿਆ ਕਿ ਇਹ ਉੱਤਰੀ ਭਾਰਤ ਦਾ ਪਹਿਲਾ ਓਪਨ ਏਅਰ ਸਿਨੇਮਾ ਹਾਲ ਹੈ। ਉਨ੍ਹਾਂ ਨੇ ਇਹ ਕਾਂਸੈਪਟ ਅਹਿਮਦਾਬਾਦ ‘ਚ ਦੇਖਿਆ ਸੀ, ਜਿਸ ਨੂੰ ਉਹ ਸ਼ਹਿਰ ‘ਚ ਲਿਆਏ ਹਨ।
ਖਾਣ-ਪੀਣ ਲਈ ਡਿਜੀਟਲ ਐਪ ਤੋਂ ਕਰ ਸਕੋਗੇ ਆਰਡਰ
ਕਾਰ ‘ਚ ਬੈਠ ਕੇ ਤੁਸੀਂ ਫਿਲਮ ਹੀ ਨਹੀਂ ਦੇਖ ਸਕੋਗੇ, ਸਗੋਂ ਡਿਜੀਟਲ ਐਪ ਰਾਹੀਂ ਖਾਣ-ਪੀਣ ਦਾ ਵੀ ਆਰਡਰ ਕਰ ਸਕੋਗੇ। ਕਾਰਾਂ ਦੀ ਲੋਕੇਸ਼ਨ ਦੀ ਵਿਵਸਥਾ ਇਸ ਤਰ੍ਹਾਂ ਕੀਤੀ ਗਈ ਹੈ ਕਿ ਕਿਸੇ ਨੂੰ ਫਿਲਮ ਦੇਖਣ ‘ਚ ਕੋਈ ਦਿੱਕਤ ਨਾ ਹੋਵੇ।
ਸਚਿਨ ਕਪੂਰ ਨੇ ਦੱਸਿਆ ਕਿ ਕੋਵਿਡ ਕਾਰਨ ਪ੍ਰਸ਼ਾਸਨ ਵੱਲੋਂ ਲਾਏ ਗਏ ਨਾਈਟ ਕਰਫ਼ਿਊ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਅਜੇ ਇਕ ਹੀ ਸ਼ੋਅ ਕਰਵਾਇਆ ਜਾਵੇਗਾ ਅਤੇ ਸਮੇਂ ਮੁਤਾਬਕ ਹੀ ਸ਼ੋਅ ਬਾਰੇ ਫ਼ੈਸਲੇ ਲਏ ਜਾਣਗੇ।