ਹਿਸਾਬ

(ਸਮਾਜ ਵੀਕਲੀ)

ਕੋਈ ਕੰਮੀ ਰਾਹੀ
ਥੱਕਿਆ ਟੁੱਟਿਆ
ਮੇਰੇ ਵੱਲ ਆਉਂਦਾ
ਮੈਨੂੰ ਚਾਅ ਚੜ੍ਹ ਜਾਂਦਾ

ਮੈਂ ਓਸ ਨੂੰ
ਸੰਘਣੀ ਛਾਂ ਦੀ
ਬੁੱਕਲ ‘ਚ ਲੈਂਦਾ
ਕਰੂੰਬਲਾਂ ਦੇ ਨਾਲ
ਪੱਖਾ ਕਰਦਾ
ਉਹ ਘੋੜੇ ਵੇਚ ਸੌਂਦਾ
ਤਾਜ਼ੇ ਦਮ ਹੁੰਦਾ
ਆਪਣੀ ਮੰਜਿਲ ਨੂੰ
ਮੁੜ ਤੁਰ ਜਾਂਦਾ
ਮੈਂ ਰਸਤਿਆਂ ਦੇ ਵੱਲ
ਵੇਂਹਦਾ ਰਹਿੰਦਾ

ਕੋਈ ਕਾਹਲੇ ਕਦਮੀਂ
ਮੇਰੇ ਵੱਲ ਆਉਂਦਾ
ਪੱਥਰਾਈਆਂ ਅੱਖਾਂ
ਉਤਰਿਆ ਚਿਹਰਾ
ਡੌਰ ਭੌਰ
ਚੁਫੇਰੇ ਵੇਖਦਾ
ਮੈਂ ਤ੍ਰਭਕ ਜਾਂਦਾ!

ਅਗਲਾ ਮੰਜ਼ਰ
ਮੈਂ ਵੇਖ ਨਾ ਸਕਦਾ
ਕਰ ਤਕੜਾ ਜੇਰਾ
ਸ਼ਾਹਦੀ ਭਰਦਾ
ਅੱਜਕਲ੍ਹ ਮੈਨੂੰ
ਹਿਸਾਬ ਰੱਖਣਾ ਪੈਂਦਾ
ਲਟਕਦੀਆਂ ਲਾਸ਼ਾਂ ਦਾ ਵੀ।
ਕਿਉਂਕਿ ‘ ਧਰਮਰਾਜ ‘ ਦੇ
ਹੱਥ ਖੜੇ ਨੇ

ਹਰਵਿੰਦਰ ਸਿੰਘ ਸਿੱਧੂ

Previous articleਗ਼ਜ਼ਲ
Next articleਸ਼ੀਸ਼ਾ