ਗ਼ਜ਼ਲ

(ਸਮਾਜ ਵੀਕਲੀ)

ਸਾਹ ਵੀ ਚਲਦੇ ਰਹੇ,ਇਕ ਰੀਝ ਵੀ ਪੂਰੀ ਰਹੀ।
ਅੰਦਰੋਂ ਨਾ ਬੁਝ ਸਕੀ,ਅੱਗ ਹਿਜਰ ਦੀ ਬਲਦੀ ਰਹੀ।

ਪੌਣ ਵੱਲ ਨੂੰ ਕੰਨ ਕਰਕੇ, ਮੈਂ ਉਡੀਕਾਂ ਰੋਜ਼ ਹੀ ,
ਪੌਣ ਤੇਰੇ ਸੁਖ ਸੁਨੇਹੇ, ਰੋਜ਼ ਹੀ ਘਲਦੀ ਰਹੀ।

ਨਾ ਸਮਝ ਮੈਂ ਬੇਖ਼ਬਰ ਹਾਂ,ਇਲਮ ਨਹੀਂ ਮੈਨੂੰ ਕੋਈ,
ਤਾਅਨਿਆਂ ਦੀ ਪੀੜ ਮੈਨੂੰ, ਰੋਜ਼ ਹੀ ਸਲਦੀ ਰਹੀ।

ਜਖ਼ਮ ਦੇਣੇ ਤਾਂ ਤੇਰੀ ਫਿਤਰਤ ਨਹੀਂ ਮੈਂ ਜਾਣਦਾਂ,
ਤੂੰ ਸਗੋਂ ਜ਼ਖਮਾਂ ਲਈ,ਮਰਹਮ ਸਦਾ ਘਲਦੀ ਰਹੀ।

ਸ਼ੁਹਰਤਾਂ ਇਹ ਦੌਲਤਾਂ, ਆਰਾਮ ਸਾਰੇ ਪਾਸ ਹਨ,
ਜਿੰਦ ਫਿਰ ਵੀ ਭਟਕਣਾ ਤੇ ਤਲਖ਼ੀਆਂ ਜਲਦੀ ਰਹੀ।

ਕਾਹਦੀ ਮਜ਼ਬੂਰੀ ਸੀ,ਜੋ ਛੱਡ ਕੇ ਤੁਰ ਗਿਓਂ,
ਜ਼ਿੰਦਗੀ ਭਰ ਚੋਹਕੇ ਨੂੰ ਤੇਰੀ ਕਮੀਂ ਕਰਦੀ ਰਹੀ।

ਸੁਰਿੰਦਰ ਸਿੰਘ ਚੋਹਕਾ

Previous articleਅਣ ਕਹੇ ਅਹਿਸਾਸ,
Next articleਹਿਸਾਬ