ਹਿਸਾਬ ਕਿਤਾਬ ਕਿਸਾਨ ਮੋਰਚਾ..

ਡਾ. ਲਵਪ੍ਰੀਤ ਕੌਰ ਜਵੰਦਾ

(ਸਮਾਜ ਵੀਕਲੀ)

ਚੱਲ ਅੱਜ ਕਿਸਾਨਾ ਨਾਲ ਲਾਏ ਤੇਰੇ ,
ਆਹਢੇ ਦਾ ਬਰ ਮੇਚਾਗੇ,
ਬੀਤੇ ਇੱਕ ਸਾਲ ਤੋਂ ਪਾਏ ਵਖਤ ਦਾ,
ਅੱਜ ਆਪਾ ਹਿਸਾਬ ਕਰ ਵੇਖਾਂਗੇ।

ਇੱਕ ਪਾਸੇ ਹੰਕਾਰੀ ਹਾਕਮ ਤੇ ,
ਦਲਾਲਾਂ ਦਾ ਟੋਲਾ ਸੀ,
ਦੂਜੇ ਪਾਸੇ ਸਬਰ, ਸਿਦਕ ,ਸੰਤੋਖੀ,
ਕਿਰਤੀਆਂ ਦਾ ਨਾਨਕ ਵਿਚੋਲਾ ਸੀ।

ਹਾਕਮ ਸੋਚਦਾ ਹੋਵੇਗਾ ਈਨ ਨਾ ਮੰਨਣ
ਵਾਲੀ ਗੱਲ ਇਨ੍ਹਾਂ ਕਿਥੋਂ ਸਿੱਖੀ ਏ ?
ਜਾਹ ਪੜ੍ਹ ਲੈ ਆਪ ਜਾ ਕੇ ਸਰਹੰਦ
ਦੀ ਕੰਧ ‘ਤੇ ਇਹ ਸ਼ਰੇਆਮ ਲਿਖੀ ਏ ।

ਪੰਜਵੇਂ ਪਾਤਸ਼ਾਹ ਨੂੰ ਕਰ ਚੇਤੇ ਅਸੀਂ,
ਤੱਤੀਆਂ ਤਵੀਆਂ ਵਾਲਾ ਸੇਕ ਪਿੰਡੇ ਤੇ ਜਰ ਲਿਆ
ਸੀਤ ਹਵਾਵਾਂ ਜਰ ਗਏ ਅਸੀ ,
ਮਾਂ ਗੁਜਰੀ ਦੀ ਬੁੱਕਲ ਨੇ ਨਿੱਘਾ ਅਸਾਨੂੰ ਕਰ ਲਿਆ।

ਭਗਤ ਸਿੰਘ, ਕਰਤਾਰ ਸਰਾਭੇ, ਊਧਮ ਸਿੰਘ ਤੋਂ,
ਲਿਆ ਸਬਰ ਤੇ ਹੌਸਲਾ ਸਾਡਾ ਮੀਤ ਰਿਹਾ,
ਹਰੀ ਸਿੰਘ ਨਲੂਆ ਤੇ ਬਾਬਾ ਦੀਪ ਸਿੰਘ ਦਾ,
ਸਾਡੇ ਬਾਪੂਆਂ ਨੂੰ ਥਾਪੜਾ “ਪ੍ਰੀਤ”ਰਿਹਾ।

ਉੱਠੀਆਂ ਫੇਰ ਧੀਆਂ ਪੰਜਾਬ ਦੀਆਂ,
ਮਾਈ ਭਾਗੋ ਦੀ ਦਲੇਰੀ ਦੁਹਰਾਉਂਣ ਜੱਗ ਉੱਤੇ ।
ਵਾਰਸਾਂ ੳਨ੍ਹਾਂ ਦੀਆਂ ਹੀ ਨੇ ਜੋ ਬੈਠੀਆਂ ਨੇ,
ਰੜੇ ਮੈਦਾਨ ਦਿੱਲੀ ਦੀ ਹੱਦ ਉੱਤੇ।

ਜ਼ਿੱਦ ਕਰਕੇ ਲਾਗੂ ਕਾਨੂੰਨ ਨਾ ਹੋਣ ਦੇਣੇ
ਸਾਡੀ ਕੌਮ ਨੇ ਅੜੀਆਂ ਝਾੜੀਆਂ ਨੇ।
ਪਾ-ਪਾ ਵਾਸਤੇ ਦੱਸਦੇ ਰਹੇ ਕਿਸਾਨ ਮਜਦੂਰ ਤੈਨੂੰ
ਮਾਰੂ ਸ਼ਰਤਾਂ ਡਾਹਢੀਆਂ ਮਾੜੀਆਂ ਨੇ।

ਕੀਤੀ ਤੂੰ ਸੀ ਵਿਗੜੇ ਬੱਚੇ ਜੇਹੀ ਰਿਹਾੜ ਬਹੁਤੀ,
ਜੋਰ ਲਾਇਆ ਸੀ ਤੇਰੇ ਵਿਗੜੇ ਤੜੀਪਾੜ ਆੜੀਆਂ ਨੇ।
ਰੋਜ ਪਿਓ ਪੁੱਤ ਤੇ ਵੀਰ ਭੈਣਾਂ ਸ਼ਹੀਦ ਹੋਏ,
ਮੱਚਦੇ ਸਿਵਿਆਂ ਨੇ ਲਾਲੀਆਂ ਚਾੜ੍ਹੀਆਂ ਨੇ।

ਸ਼ੁਕਰ ਏ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਉੱਤੇ
ਤੂੰ ਕਾਲੇ ਕਾਨੂੰਨ ਰੱਦ ਕਰਨ ਦਾ ਵਾਅਦਾ ਕਰਕੇ,
ਚਮਕਾ ਉਮੀਦ ਦੀਆਂ ਬੁੱਢੀਆਂ ਅੱਖਾਂ ਨੂੰ ਦੇਕੇ,
ਲਾਲੀਆਂ ਜਵਾਨੀਆਂ ਦੇ ਮੂੰਹ ਤੇ ਚਾੜ੍ਹੀਆਂ ਨੇ।

ਰਹਿੰਦੀ ਦੁਨੀਆਂ ਤੱਕ ਇਤਿਹਾਸ ਬੋਲੂ,
ਮਜਦੂਰ ਕਿਸਾਨ ਏਕੇ ਨੇ ਅੱਜ ਮੈਦਾਨ ਮਾਰੇ ਨੇ,
ਰਿਹਾ ਥਾਪੜਾ ਗੋਬਿੰਦ ਸਿੰਘ ਪਾਤਸ਼ਾਹ ਦਾ,
ਯੂਪੀ,ਹਰਿਆਣੇ ਬੋਲੇ ਸੋ ਨਿਹਾਲ ਦੇ ਜੈਕਾਰੇ ਨੇ।

ਡਾ. ਲਵਪ੍ਰੀਤ ਕੌਰ “ਜਵੰਦਾ”
9814203357

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੰਗਨਾ ਦਾ ਪਦਮ ਸ਼੍ਰੀ
Next articleਸਾਕ ਦਿਲਾਂ ਦੇ