ਹਿਮਾਚਲ ਵਿੱਚ ਹੋਰ ਬਰਫ਼ਬਾਰੀ ਅਤੇ ਮੀਂਹ ਦੀ ਪੇਸ਼ੀਨਗੋਈ

ਮੌਮਸ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਅਗਲੇ ਹਫ਼ਤੇ ਵਧੇਰੇ ਬਰਫ਼ਬਾਰੀ ਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਭਾਰੀ ਬਰਫ਼ਬਾਰੀ ਦੇ ਚਲਦਿਆਂ ਰਾਜਧਾਨੀ ਸ਼ਿਮਲਾ ਤੇ ਕਾਂਗੜਾ ਜ਼ਿਲ੍ਹੇ ਦੀ ਸਬ-ਤਹਿਸੀਲ ਮੁਲਥਾਨ ਵਿੱਚ ਸਰਦੀਆਂ ਦੀ ਛੁੱਟੀਆਂ ਦੋ ਦਿਨ ਲਈ ਵਧਾ ਦਿੱਤੀਆਂ ਗਈਆਂ ਹਨ। ਇਥੇ ਸਕੂਲ ਹੁਣ 13 ਫਰਵਰੀ ਨੂੰ ਖੁੱਲ੍ਹਣਗੇ। ਉਧਰ ਕਸ਼ਮੀਰ ਵਿੱਚ ਵੱਖ ਵੱਖ ਥਾਈਂ ਸੱਜਰੀਆਂ ਢਿੱਗਾਂ ਡਿੱਗਣ ਕਰਕੇ ਰਣਨੀਤਕ ਪੱਖੋਂ ਅਹਿਮ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਲਗਾਤਾਰ ਪੰਜਵੇਂ ਦਿਨ ਬੰਦ ਰਿਹਾ। ਉਂਜ ਹਾਈਵੇਅ ’ਤੇ ਵਾਹਨਾਂ ਦੀ ਆਵਾਜਾਈ ਬਹਾਲ ਕਰਾਉਣ ਲਈ ਸੜਕਾਂ ਤੋਂ ਢਿੱਗਾਂ ਹਟਾਉਣ ਦਾ ਕੰਮ ਲਗਾਤਾਰ ਜਾਰੀ ਰਿਹਾ।
ਮੌਸਮ ਮਾਹਿਰਾਂ ਨੇ 12 ਤੋਂ 15 ਫਰਵਰੀ ਤਕ ਹਿਮਾਚਲ ਪ੍ਰਦੇਸ਼ ਦੇ ਦਰਮਿਆਨੇ ਤੇ ਉੱਚੀਆਂ ਪਹਾੜੀਆਂ ਵਿੱਚ ਬਰਫ਼ਬਾਰੀ ਤੇ ਮੀਂਹ ਅਤੇ ਨੀਵੇਂ ਪਹਾੜੀ ਤੇ ਮੈਦਾਨੀ ਇਲਾਕਿਆਂ ਵਿੱਚ ਗੜੇ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਉਂਜ ਅੱਜ ਐਤਵਾਰ ਨੂੰ ਰਾਜ ਦੇ ਬਹੁਤੇ ਹਿੱਸਿਆਂ ’ਤੇ ਬੱਦਲਵਾਈ ਰਹੀ। ਮਨਾਲੀ ਤੇ ਕੁਫ਼ਰੀ ਜਿਹੇ ਸੈਲਾਨੀ ਕੇਂਦਰਾਂ ਵਿੱਚ ਤਾਪਮਾਨ ਕ੍ਰਮਵਾਰ ਮਨਫ਼ੀ ਦੋ ਅਤੇ ਮਨਫ਼ੀ 0.5 ਡਿਗਰੀ ਦਰਜ ਕੀਤਾ ਗਿਆ। ਕਬਾਇਲੇ ਜ਼ਿਲ੍ਹੇ ਲਾਹੌਲ ਤੇ ਸਪਿਤੀ ਦਾ ਪ੍ਰਸ਼ਾਸਨਿਕ ਕੇਂਦਰ ਕਿਲੌਂਗ ਮਨਫ਼ੀ 11.6 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਢਾ ਰਿਹਾ। ਕਿਨੌਰ ਦੇ ਕਲਪਾ ਵਿੱਚ ਤਾਪਮਾਨ ਮਨਫ਼ੀ 4.6 ਡਿਗਰੀ ਸੈਲਸੀਅਸ ਰਿਹਾ। ਸ਼ਿਮਲਾ, ਸੋਲਨ, ਚੈਲ ਤੇ ਡਲਹੌਜ਼ੀ ਵਿੱਚ ਤਾਪਮਾਨ ਕ੍ਰਮਵਾਰ 2.5, 2.4, 2.3 ਤੇ 1.2 ਡਿਗਰੀ ਰਿਕਾਰਡ ਕੀਤਾ ਗਿਆ।
ਉਧਰ ਸੱਜਰੀਆਂ ਢਿੱਗਾਂ ਡਿੱਗਣ ਕਰਕੇ ਜੰਮੂ-ਸ੍ਰੀਨਗਰ ਹਾਈਵੇਅ ਅੱਜ ਲਗਾਤਾਰ ਪੰਜਵੇਂ ਦਿਨ ਵੀ ਬੰਦ ਰਿਹਾ। ਭਾਰੀ ਬਰਫ਼ਬਾਰੀ ਤੇ ਮੀਂਹ ਕਰਕੇ ਕਾਜ਼ੀਗੁੰਡ-ਬਨਿਹਾਲ-ਰਾਮਬਨ ਸਮੇਤ ਜਵਾਹਰ ਸੁਰੰਗ, ਜਿਸ ਕਸ਼ਮੀਰ ਵਾਦੀ ਦੇ ਗੇਟਵੇਅ ਵੀ ਕਿਹਾ ਜਾਂਦਾ ਹੈ, ਨੂੰ ਢਿੱਗਾਂ ਡਿੱਗਣ ਮਗਰੋਂ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਡੀਐਸਪੀ ਟਰੈਫਿਕ ਰਾਮਬਨ ਸੁਰੇਸ਼ ਸ਼ਰਮਾ ਨੇ ਦੱਸਿਆ, ‘ਖਰਾਬ ਮੌਸਮੀ ਹਾਲਾਤ ਦੇ ਬਾਵਜੂਦ ਦਰਜਨਾਂ ਥਾਵਾਂ ’ਤੇ ਢਿੱਗਾਂ ਨੂੰ ਸਾਫ਼ ਕਰ ਦਿੱਤਾ ਗਿਆ ਹੈ, ਪਰ ਕੇਲਾ ਮੋੜ, ਬੈਟਰੀ ਚਸ਼ਮਾ, ਡਿਗਡੋਲ, ਪੰਥਿਆਲ ਤੇ ਖੂਨੀ ਨਾਲਾ ਵਿੱਚ ਬੀਤੀ ਰਾਤ ਹੋਈ ਸੱਜਰੀਆਂ ਢਿੱਗਾਂ ਡਿੱਗਣ ਕਰਕੇ ਸੜਕ ਮੁੜ ਜਾਮ ਹੋ ਗਈ ਹੈ। ’ ਸ਼ਰਮਾ ਮੁਤਾਬਕ ਪੰਥਿਆਲ ਵਿੱਚ ਲਗਾਤਾਰ ਪੱਥਰ ਡਿੱਗਣ ਤੇ ਸੜਕਾਂ ’ਤੇ ਬਰਫ਼ ਦੀ ਮੋਟੀ ਪਰਤ ਜੰਮਣ ਨਾਲ ਏਜੰਸੀਆਂ ਨੂੰ ਆਵਾਜਾਈ ਬਹਾਲ ਕਰਨ ਵਿੱਚ ਖਾਸੀ ਮੁਸ਼ਕਲ ਆ ਰਹੀ ਹੈ। ਇਸ ਦੌਰਾਨ ਭਾਰਤੀ ਹਵਾਈ ਸੈਨਾ ਨੇ ਇੰਜਨੀਅਰਿੰਗ ਦੀ ਪ੍ਰੀਖਿਆ ਦੇਣ ਵਾਲੇ ਕੁੱਲ 319 ਵਿਦਿਆਰਥੀਆਂ ਨੂੰ ਸ੍ਰੀਨਗਰ ਹਵਾਈ ਅੱਡੇ ਤੋਂ ਜੰਮੂ ਪਹੁੰਚਾਇਆ ਹੈ। ਇਸੇ ਤਰ੍ਹਾਂ ਕੁਝ ਮੁਕਾਮੀ ਲੋਕਾਂ ਤੇ ਸੈਲਾਨੀਆਂ ਨੂੰ ਵੀ ਸ੍ਰੀਨਗਰ ਤੋਂ ਜੰਮੂ ਲਿਜਾਇਆ ਗਿਆ ਹੈ।

Previous articleਟੀ-20: ਭਾਰਤ ਖ਼ਿਲਾਫ਼ ਨਿਊਜ਼ੀਲੈਂਡ ਦੀ ਖਿਤਾਬੀ ਜਿੱਤ
Next articleਨਾਇਡੂ ਕੇਂਦਰੀ ਫੰਡਾਂ ਦੀ ਸਹੀ ਵਰਤੋਂ ਕਰਨ ’ਚ ਨਾਕਾਮ: ਮੋਦੀ