ਟੀ-20: ਭਾਰਤ ਖ਼ਿਲਾਫ਼ ਨਿਊਜ਼ੀਲੈਂਡ ਦੀ ਖਿਤਾਬੀ ਜਿੱਤ

ਕੋਲਿਨ ਮੁਨਰੋ ਦੀ ਅਗਵਾਈ ਵਿਚ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਨਿਊਜ਼ੀਲੈਂਡ ਨੇ ਵੱਡੇ ਸਕੋਰ ਵਾਲੇ ਤੀਜੇ ਅਤੇ ਅੰਤਿਮ ਟੀ-20 ਮੈਚ ਵਿਚ ਭਾਰਤ ਨੂੰ 4 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀ ਟੀਮ ਲੜੀ 2-1 ਨਾਲ ਜਿੱਤਣ ਵਿਚ ਕਾਮਯਾਬ ਹੋ ਗਈ ਅਤੇ ਭਾਰਤ ਦੀ ਲਗਾਤਾਰ ਦਸ ਲੜੀਆਂ ਵਿਚ ਜਿੱਤ ਦੀ ਮੁਹਿੰਮ ਵੀ ਠੱਲ੍ਹੀ ਗਈ ਹੈ। ਭਾਰਤ ਕੋਲ ਨਿਊਜ਼ੀਲੈਂਡ ਵਿਚ ਇਤਿਹਾਸ ਰਚਣ ਦਾ ਮੌਕਾ ਸੀ ਪਰ ਨਵੇਂ ਗੇਂਦਬਾਜ਼ਾਂ ਦੀ ਕਾਰਗੁਜ਼ਾਰੀ ਵਧੀਆ ਨਾ ਰਹੀ। ਇਸ ਤੋਂ ਪਹਿਲਾਂ ਭਾਰਤ ਪਿਛਲੀ ਟੀ-20 ਲੜੀ 2017 ਵਿਚ ਵੈਸਟ ਇੰਡੀਜ਼ ਤੋਂ ਹਾਰਿਆ ਸੀ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਨਿਊਜ਼ੀਲੈਂਡ ਦੇ 213 ਦੌੜਾਂ ਦਾ ਸਕੋਰ ਦੇ ਟੀਚੇ ਦਾ ਪਿੱਛਾ ਕਰਦੀ ਭਾਰਤੀ ਟੀਮ 208 ਦੌੜਾਂ ਹੀ ਬਣਾ ਸਕੀ। ਭਾਰਤ ਦੀ ਤਰਫੋਂ ਵਿਜੈ ਸ਼ੰਕਰ (43), ਕਪਤਾਨ ਰੋਹਿਤ ਸ਼ਰਮਾ (38) ਅਤੇ ਰਿਸ਼ਵ ਪੰਤ (28) ਦੀਆਂ ਖੇਡੀਆਂ ਪਾਰੀਆਂ ਭਾਰਤ ਨੂੰ ਜਿੱਤ ਨਾ ਦਿਵਾ ਸਕੀਆਂ। ਭਾਰਤ ਦਾ ਕੁਲਦੀਪ ਯਾਧਵ ਦੋ ਵਿਕਟਾਂ ਲੈਣ ਵਿਚ ਕਾਮਯਾਬ ਰਿਹਾ।
ਦਿਨੇਸ਼ ਕਾਰਤਿਕ (ਨਾਬਾਦ 33) ਅਤੇ ਕ੍ਰਣਾਲ ਪਾਂਡਿਆ ਨਾਬਾਦ (26) ਨੇ ਸੱਤਵੇਂ ਵਿਕਟ ਲਈ 4.4 ਓਵਰਾਂ ਵਿਚ 63 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਧੋਨੀ ਦੀ ਵਿਕਟ ਦਾ ਜਲਦੀ ਡਿੱਗ ਜਾਣਾ ਟੀਮ ਲਈ ਘਾਟੇ ਵਾਲਾ ਸੌਦਾ ਸਿੱਧ ਹੋਇਆ।
ਨਿਊਜ਼ੀਲੈਂਡ ਦੀ ਤਰਫੋਂ ਡੈਰਿਲ ਮਿਸ਼ੇਲ ਅਤੇ ਮਿਸ਼ੇਲ ਸੈਂਟਨਰ ਨੇ ਕ੍ਰਮਵਾਰ 27 ਅਤੇ 32 ਦੌੜਾਂ ਦੇ ਕੇ ਦੋ- ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਮੁਨਰੋ ਨੇ 40 ਗੇਂਦਾਂ ਵਿਚ ਪੰਜ ਛੱਕਿਆਂ ਅਤੇ ਪੰਜ ਚੌਕਿਆਂ ਦੀ ਮੱਦਦ ਨਾਲ 72 ਦੌੜਾਂ ਬਣਾਉਣ ਤੋਂ ਇਲਾਵਾ ਟਿਮ ਸਿਫਾਰਟ (43) ਦੇ ਨਾਲ ਪਹਿਲੇ ਵਿਕਟ ਲਈ 80 ਅਤੇ ਕਪਤਾਨ ਕੇਨ ਵਿਲੀਅਮਸਨ (27) ਦੇ ਨਾਲ ਦੂਜੇ ਵਿਕਟ ਦੇ ਲਈ 55 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਨਾਲ ਨਿਊਜ਼ੀਲੈਂਡ ਨੇ ਚਾਰ ਵਿਕਟਾਂ ਉੱਤੇ 212 ਦੌੜਾਂ ਬਣਾਈਆਂ। ਕੋਲਿਨ ਡਿ ਗਰੈਂਡਹੋਮ (30) ਅਤੇ ਡੈਰਿਲ ਮਿਸ਼ੇਲ (ਨਾਬਾਦ19) ਅੰਤ ਵਿੱਚ ਚੌਥੇ ਵਿਕਟ ਲਈ 3.2 ਓਵਰਾਂ ਵਿੱਚ 43 ਦੌੜਾਂ ਜੋੜ ਕੇ ਟੀਮ ਦਾ ਸਕੋਰ 200 ਦੌੜਾਂ ਤੋਂ ਪਾਰ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਭਾਰਤ ਦੀ ਤਰਫੋਂ ਕੁਲਦੀਪ ਯਾਦਵ ਸਭ ਤੋਂ ਕਾਮਯਾਬ ਗੇਂਦਬਾਜ਼ ਰਿਹਾ। ਉਸ ਚਾਰ ਓਵਰਾਂ ਵਿਚ 26 ਦੌੜਾਂ ਦੇ ਕੇ ਦੋ ਵਿਕਟ ਹਾਸਲ ਕੀਤੇ ਹਨ। ਖ਼ਲੀਲ ਅਹਿਮਦ ਨੇ ਇੱਕ ਵਿਕਟ ਲਈ। ਕੁਨਾਲ ਪਾਂਡਿਆਂ ਵੱਲੋਂ ਚਾਰ ਓਵਰਾਂ ਵਿਚ ਲੁਟਾਈਆਂ 54 ਦੌੜਾਂ ਅਤੇ ਉਸਦੇ ਭਾਈ ਹਾਰਦਿਕ ਪਾਂਡਿਆ ਵੱਲੋਂ ਚਾਰ ਓਵਰਾਂ ਵਿਚ ਲੁਟਾਈਆਂ 44 ਦੌੜਾਂ ਆਖ਼ਿਰ ਨੂੰ ਭਾਰਤ ਲਈ ਘਾਟੇ ਵਾਲਾ ਸੌਦਾ ਸਿੱਧ ਹੋਇਆ।
ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਮਾੜੀ ਰਹੀ। ਸ਼ਿਖਰ ਧਵਨ (5) ਸਪਿੰਨਰ ਮਿਸ਼ੇਲ ਸੇਂਟਨਰ ਦੇ ਪਹਿਲੇ ਹੀ ਓਵਰ ਵਿਚ ਡੀਪ ਮਿੱਡ ਵਿਕਟ ਉੱਤੇ ਮਿਸ਼ੇਲ ਨੂੰ ਕੈਚ ਦੇ ਬੈਠਾ।
ਇਸ ਤੋਂ ਬਾਅਦ ਸ਼ੰਕਰ ਅਤੇ ਰੋਹਿਤ ਨੇ ਪਾਰੀ ਨੂੰ ਸੰਭਾਲਿਆ। ਭਾਰਤ ਨੂੰ ਅੰਤਿਮ ਪੰਜ ਓਵਰਾਂ ਵਿਚ ਜਿੱਤ ਲਈ 68 ਦੌੜਾਂ ਦੀ ਲੋੜ ਸੀ ਪਰ ਮਿਸ਼ੇਲ ਨੇ ਮਹਿੰਦਰ ਸਿੰਘ ਧੋਨੀ (2) ਪਵੇਲੀਅਨ ਭੇਜ ਕੇ ਜਬਰਦਸਤ ਝਟਕਾ ਦਿੱਤਾ। ਇਸ ਤੋਂ ਬਾਅਦ ਭਾਰਤੀ ਬੱਲੇਬਾਜ਼ ਦੌੜਾਂ ਬਣਾਉਣ ਦੀ ਸਪੀਡ ਨਹੀਂ ਵਧਾ ਸਕੇ।

Previous articleਪੇਂਡੂ ਵਿਕਾਸ ਦੀ ਯੋਜਨਾ ਨੂੰ ਮਗਨਰੇਗਾ ਰਾਹੀਂ ਸਿਰੇ ਚੜ੍ਹਾਏਗੀ ਸਰਕਾਰ
Next articleਹਿਮਾਚਲ ਵਿੱਚ ਹੋਰ ਬਰਫ਼ਬਾਰੀ ਅਤੇ ਮੀਂਹ ਦੀ ਪੇਸ਼ੀਨਗੋਈ