ਸ਼ਿਮਲਾ, (ਸਮਾਜ ਵੀਕਲੀ) : ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਬੀਤੀ ਦੇਰ ਰਾਤ ਤੋਂ ਅੱਜ ਸਵੇਰ ਤਕ ਸੂਬੇ ਵਿੱਚ ਮੱਧ ਉਚਾਈ ਵਾਲੇ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਹੋਈ, ਜਦੋਂ ਕਿ ਹੇਠਲੇ ਇਲਾਕਿਆਂ ਵਿੱਚ ਇਸ ਦੌਰਾਨ ਮੀਂਹ ਪਿਆ, ਜਿਸ ਨਾਲ ਸੂਬੇ ਵਿੱਚ ਸੀਤ ਲਹਿਰ ਹੋਰ ਪ੍ਰਚੰਡ ਹੋ ਗਈ ਹੈ। ਭਾਰੀ ਬਰਫਬਾਰੀ ਕਾਰਨ ਸ਼ਿਮਲਾ ਤੋਂ ਅੱਗੇ ਹਿੰਦੁਸਤਾਨ-ਤਿੱਬਤ ਮਾਰਗ ’ਤੇ ਆਵਾਜਾਈ ਠੱਪ ਹੋ ਗਈ ਹੈ। ਇਸ ਮਾਰਗ ’ਤੇ ਸੈਂਕੜੇ ਸੈਲਾਨੀ ਵਾਹਨਾਂ ਸਮੇਤ ਫਸ ਗਏ ਹਨ।
ਜਾਣਕਾਰੀ ਅਨੁਸਾਰ ਕੁਫਰੀ, ਫਾਗੂ ਅਤੇ ਨਾਰਕੰਡਾ ਲਈ ਅੰਸ਼ਕ ਤੌਰ ’ਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਉਧਰ, ਸੂਬੇ ਦੇ ਸੈਲਾਨੀ ਸ਼ਹਿਰ ਸ਼ਿਮਲਾ, ਚੈਲ ਅਤੇ ਕਸੌਲੀ ਵਿੱਚ ਬੀਤੀ ਰਾਤ ਇਸ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਬਰਫਬਾਰੀ ਨਾਲ ਜਿਥੇ ਸੈਲਾਨੀਆਂ ਅਤੇ ਸੈਰਸਪਾਟਾ ਧੰਦੇ ਨਾਲ ਜੁੜੇ ਲੋਕਾਂ ਦੇ ਚਿਹਰੇ ਖਿੜ ਗਏ ਹਨ, ਉਧਰ ਬਰਫਬਾਰੀ ਕਾਰਨ ਸ਼ਿਮਲਾ ਸਮੇਤ ਵਧ ਉਚਾਈ ਵਾਲੇ ਇਲਾਕਿਆਂ ਵਿੱਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।