(ਸਮਾਜ ਵੀਕਲੀ)
ਪਥਰੀਲੇ ਰਾਹਾਂ ‘ਤੇ ਅਕਸਰ
ਕੱਲੇ ਹੀ ਹੈ ਤੁਰਣਾ ਪੈਂਦਾ।
ਮੰਜ਼ਿਲ ‘ਤੇ ਪਹੁੰਚਣ ਤੋਂ ਪਹਿਲਾਂ
ਡਿਗ ਡਿਗ ਕੇ ਸੰਭਲਣਾ ਪੈਂਦਾ।
ਸੀਨੇ ਛੇਕ ਕਰਾਉਣੇ ਪੈਂਦੇ
ਅਪਣਾ ਆਪ ਮਿਟਾਉਣਾ ਪੈਂਦਾ।
ਬੰਸਰੀ ਬਣਨ ਤੋਂ ਪਹਿਲਾਂ ਯਾਰੋ
ਬਾਂਸ ਨੂੰ ਕੀ-ਕੀ ਸਹਿਣਾ ਪੈਂਦਾ।
ਸਰਦੀ ਹੋਵੇ ਜਾਂ ਫਿਰ ਗਰਮੀ
ਘਰ ਤੋਂ ਦੂਰ ਨਿਕਲਣਾ ਪੈਂਦਾ।
ਕੁੱਲੀ-ਗੁੱਲੀ-ਜੁੱਲੀ ਖ਼ਾਤਿਰ
ਕੰਡਿਆਂ ‘ਤੇ ਵੀ ਚੱਲਣਾ ਪੈਂਦਾ।
ਕਈ ਵਾਰੀ ਕੁਝ ਕਹਿਣੋਂ ਪਹਿਲਾਂ,
ਇਹ ਵੀ ਵੇਖਿਆ ਸੋਚਿਆ ਜਾਵੇ,
ਜਿੱਥੇ ਨਾ ਸੁਣਵਾਈ ਹੋਵੇ,
ਉੱਥੇ ਚੁੱਪ ਹੀ ਰਹਿਣਾ ਪੈਂਦਾ।
ਵਕ਼ਤ ਖ਼ਫ਼ਾ ਜਦ ਹੋ ਜਾਂਦਾ ਹੈ
ਅਪਣੇ ਵੀ ਨਈ ਅਪਣੇ ਰਹਿੰਦੇ,
ਚੰਗੇ-ਚੰਗੇ ਲੋਕਾਂ ਨੂੰ ਵੀ
ਫਿਰ ਤਾਂ ਹੱਥ ਹੀ ਮਲਣਾ ਪੈਂਦਾ।
ਜੀਵਨ ਦਾ ਇਕ ਸੱਚ ਹੈ ਇਹ ਵੀ
ਇਸ ਗੱਲੋਂ ਨਾ ਮੁਨਕਰ ਕੋਈ,
ਸ਼ਾਮ ਜਦੋਂ ਪੈਂਦੀ ਹੈ ‘ਰਾਣੇ’
ਸੂਰਜ ਨੂੰ ਵੀ ਢਲਣਾ ਪੈਂਦਾ।
ਜਗਦੀਸ਼ ਰਾਣਾ



